ਬੁਢਲਾਡਾ 20 ਅਕਤੂਬਰ (ਅਮਨ ਮਹਿਤਾ) ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਦੇ ਧੰਦੇ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇੜਿਆ ਸੰਘਰਸ਼ ਸਾਉਣੀ ਦੀ ਫ਼ਸਲ ਆਉਣ ਦੇ ਰੁਝੇਵੇਂ ਵਾਲੇ ਦਿਨਾਂ ਵਿੱਚ ਵੀ ਪੂਰੇ ਜਲੋਅ ਤੇ ਹੈ। ਅੰਬਾਨੀ ਅਤੇ ਅੰਡਾਨੀ ਦੇ ਵਪਾਰਕ ਅਦਾਰਿਆ ਦੇ ਘਿਰਾਓ ਤਹਿਤ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਧਰਨਾ 20 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਜਿਸ ਵਿੱਚ ਪਿੰਡਾਂ ਵਿੱਚੋਂ ਕਿਸਾਨ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਆ ਰਹੇ ਹਨ। ਅੱਜ ਦੇ ਧਰਨੇ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਆਗੂ ਭੁਪਿੰਦਰ ਸਿੰਘ ਗੁਰਨੇ ਕਲਾਂ , ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਜਸਕਰਨ ਸਿੰਘ ਸ਼ੇਰਖਾਂ ਵਾਲਾ , ਬੀ ਕੇ ਯੂ (ਡਕੌਦਾ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਰਕਾਰੀ ਖਰੀਦ ਪ੍ਰਣਾਲੀ ਤਹਿਸ ਨਹਿਸ ਹੋ ਜਾਵੇ ਇਸਦੇ ਨਾਲ ਘੱਟੋ ਘੱਟ ਸਹਾਇਕ ਕੀਮਤ (ਐਮ ਐਸ ਪੀ) ਬੇਅਰਥ ਹੋ ਕੇ ਰਹਿ ਜਾਵੇਗੀ, ਵੱਡੇ ਵਪਾਰੀ ਅਤੇ ਕਾਰਪੋਰੇਟ ਘਰਾਣੇ ਮਨਮਰਜ਼ੀ ਦੀ ਕੀਮਤ ਉੱਤੇ ਕਿਸਾਨੀ ਜਿਣਸਾਂ ਖਰੀਦਣਗੇ ਅਤੇ ਵੇਚਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਚੁੱਪ ਬੈਠਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਅਤੇ ਕਿਸਾਨਾਂ ਸਮੇਤ ਔਰਤਾ ਵੀ ਸ਼ਾਮਿਲ ਸਨ।