ਰਾਹੁਲ ਗਾਂਧੀ ਹੱਥ ਮੁੜ ਕਾਂਗਰਸ ਦੀ ਕਮਾਨ? ਹੋਣਗੇ ਵੱਡੇ ਫੇਰ-ਬਦਲ

0
127

ਨਵੀਂ ਦਿੱਲੀ ,12 ਜੁਲਾਈ  (ਸਾਰਾ ਯਹਾ/ਬਿਓਰੋ ਰਿਪੋਰਟ) : ਕਾਂਗਰਸ ਅੰਦਰ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਏ ਜਾਣ ਦੀ ਚਰਚਾ ਛਿੜ ਗਈ ਹੈ। ਲੋਕ ਸਭਾ ਚੋਣਾਂ ਹਾਰਨ ਮਗਰੋਂ ਪਾਰਟੀ ਪ੍ਰਧਾਨਗੀ ਤੋਂ ਲਾਂਭੇ ਹੋਏ ਰਾਹੁਲ ਗਾਂਧੀ ਹੁਣ ਕਾਫੀ ਸਰਗਰਮ ਹਨ। ਕਾਂਗਰਸ ਵਿੱਚੋਂ ਉਹ ਹੀ ਮੋਦੀ ਸਰਕਾਰ ਨੂੰ ਹਰ ਮੁੱਦੇ ਉੱਪਰ ਬੁਰੀ ਤਰ੍ਹਾਂ ਘੇਰ ਰਹੇ ਹਨ। ਇਹ ਵੀ ਚਰਚਾ ਹੈ ਕਿ ਰਾਹੁਲ ਦੇ ਹਮਲੇ ਗਿਣੀਮਿਥੀ ਰਣਨੀਤੀ ਤਹਿਤ ਹੀ ਹੋ ਰਹੇ ਹਨ ਜਿਸ ਦਾ ਮਕਸਦ ਉਨ੍ਹਾਂ ਨੂੰ ਮੁੜ ਫਰੰਟ ਫੁੱਟ ‘ਤੇ ਲੈ ਕੇ ਆਉਣਾ ਹੈ।

ਦਰਅਸਲ ਸ਼ਨੀਵਾਰ ਨੂੰ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਤੇ ਸਿਆਸੀ ਸਥਿਤੀ ਵਿਚਾਰਨ ਲਈ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਾਰਟੀ ਦੇ ਲੋਕ ਸਭਾ ਮੈਂਬਰਾਂ ਦੀ ਬੈਠਕ ਸੱਦੀ ਗਈ ਸੀ। ਇਸ ਮੌਕੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਚਰਚਾ ਭਾਰੂ ਰਹੀ। ਮੀਟਿੰਗ ਵਿੱਚ ਰਾਹੁਲ ਗਾਂਧੀ ਵੀ ਮੌਜੂਦ ਸਨ ਪਰ ਸੋਨੀਆ ਗਾਂਧੀ ਜਾਂ ਫਿਰ ਰਾਹੁਲ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।

ਸੂਤਰਾਂ ਅਨੁਸਾਰ ਕਰੀਬ ਤਿੰਨ ਘੰਟੇ ਚੱਲੀ ਇਸ ਵਰਚੁਅਲ ਬੈਠਕ ਵਿੱਚ ਸਭ ਤੋਂ ਪਹਿਲਾਂ ਇਹ ਮੰਗ ਲੋਕ ਸਭਾ ਵਿੱਚ ਪਾਰਟੀ ਦੇ ਚੀਫ ਵ੍ਹਿਪ ਕੇ. ਸੁਰੇਸ਼ ਵੱਲੋਂ ਚੁੱਕੀ ਗਈ, ਜਿਸ ਦਾ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ। ਸੁਰੇਸ਼ ਨੇ ਕਿਹਾ ਕਿ ਮਹਾਮਾਰੀ ਦੌਰਾਨ ਰਾਹੁਲ ਵੱਲੋਂ ਲੋਕਾਂ ਦੇ ਮੁੱਦੇ ਮੂਹਰੇ ਹੋ ਕੇ ਚੁੱਕੇ ਗਏ ਹਨ, ਜਿਸ ਕਰਕੇ ਇਸ ਸੰਕਟ ਕਾਲ ਦੌਰਾਨ ਊਨ੍ਹਾਂ ਨੂੰ ਕਾਂਗਰਸ ਦੀ ਕਮਾਂਡ ਸੌਂਪੇ ਜਾਣ ਦੀ ਲੋੜ ਹੈ।

ਬੈਠਕ ਵਿੱਚ ਮਨੀਕਮ ਟੈਗੋਰ, ਗੌਰਵ ਗੋਗੋਈ, ਐਂਟੋ ਐਂਟਨੀ, ਗੁਰਜੀਤ ਸਿੰਘ ਔਜਲਾ, ਸਪਤਾਗਿਰੀ ਸ਼ੰਕਰ ਊਲਾਕਾ ਤੇ ਹੋਰਾਂ ਨੇ ਇਸ ਮੰਗ ਦਾ ਸਮਰਥਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਰਾਹੁਲ ਗਾਂਧੀ ਮੁੜ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ ਕਿਉਂਕਿ ਸੋਨੀਆ ਗਾਂਧੀ ਦੀ ਸਿਹਤ ਠੀਕ ਨਹੀਂ ਰਹਿੰਦੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਲਾਂਭੇ ਹੋਣ ਮਗਰੋਂ ਪਾਰਟੀ ਅੰਦਰ ਵੀ ਨਿਰਾਸ਼ਾ ਦਾ ਆਲਮ ਹੈ।

ਉਧਰ, ਇਹ ਵੀ ਮੰਨਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਦੇ ਮੁੜ ਪ੍ਰਧਾਨ ਬਣਨ ਮਗਰੋਂ ਪਾਰਟੀ ਵਿੱਚ ਵੱਡੇ ਫੇਰ-ਬਦਲ ਹੋਣਗੇ। ਰਾਹੁਲ ਨੌਜਵਾਨਾਂ ਨੂੰ ਅੱਗ ਲਿਆਉਣ ਦੇ ਪੱਖ ਵਿੱਚ ਹਨ। ਉਹ ਲਿਆਕਤ ਵਾਲੇ ਤੇ ਕਾਬਲ ਲੋਕਾਂ ਨੂੰ ਮੌਕੇ ਦੇਣ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਵੇਲੇ ਇਹ ਗਿਲਾ ਵੀ ਕੀਤਾ ਸੀ ਕਿ ਕੁਝ ਸੀਨੀਅਰ ਲੀਡਰਾਂ ਨੇ ਪਾਰਟੀ ਨਾਲੋਂ ਆਪਣੇ ਹਿੱਤਾਂ ਨੂੰ ਪਹਿਲ ਦਿੰਦਿਆਂ ਕਮਜ਼ੋਰ ਉਮੀਦਵਾਰਾਂ ਨੂੰ ਸੀਟਾਂ ਦਵਾਈਆਂ ਜਿਸ ਕਰਕੇ ਪਾਰਟੀ ਦੀ ਹਾਰ ਹੋਈ। ਇਸ ਲਈ ਜੇਕਰ ਰਾਹੁਲ ਮੁੜ ਪ੍ਰਧਾਨ ਬਣੇ ਤਾਂ ਉਹ ਆਪਣਾ ਏਜੰਡਾ ਸਖਤੀ ਨਾਲ ਲਾਗੂ ਕਰਨਗੇ।

NO COMMENTS