*ਰਾਹਗੀਰਾਂ ਦੀ ਜਿੰਦਗੀ ਨਾਲ ਖੇਡ ਰਹੇ ਪੀ.ਡਬਲਿਊ. ਡੀ. ਅਤੇ ਕਾਰਪੋਰੇਸ਼ਨ ਦੇ ਅਧਿਕਾਰੀ : ਬਜਾਜ*

0
35

ਫਗਵਾੜਾ 29 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਦੇ ਜੀ.ਟੀ.ਰੋਡ ਨੂੰ ਚੰਡੀਗੜ੍ਹ ਬਾਈਪਾਸ ਰੋਡ (ਪਿੰਡ ਮੇਹਲੀ) ਨਾਲ ਜੋੜਨ ਵਾਲੀ ਬੇਹੱਦ ਖਸਤਾਹਾਲ ਬੰਗਾ ਰੋਡ ਦੀ ਸੜਕ ਨੂੰ ਲੈ ਕੇ ਖੱਤਰੀ ਸਭਾ (ਰਜਿ.) ਫਗਵਾੜਾ ਦੇ ਪ੍ਰਧਾਨ ਮਦਨ ਮੋਹਨ ਬਜਾਜ (ਗੁੱਡ) ਅਤੇ ਸੀਨੀਅਰ ਉੱਪ ਪ੍ਰਧਾਨ ਦਵਿੰਦਰ ਭੱਲਾ ਨੇ ਪੀ.ਡਬਲਿਊ.ਡੀ. ਵਿਭਾਗ ਅਤੇ ਕਾਰਪੋਰੇਸ਼ਨ ਫਗਵਾੜਾ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਭਾਗ ਰਾਹਗੀਰਾਂ ਦੀ ਜਿੰਦਗੀ ਨਾਲ ਖੇਡ ਰਹੇ ਹਨ। ਕਿਉਂਕਿ ਸੜਕ ਦੇ ਵਿਚਕਾਰ ਪਏ ਵੱਡੇ ਅਤੇ ਡੂੰਘੇ ਟੋਏ ਕਿਸੇ ਭਿਆਨਕ ਹਾਦਸੇ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਬੰਗਾ ਰੋਡ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ਪਰ ਨਾ ਹੀ ਪੀ.ਡਬਲਿਊ.ਡੀ. ਵਿਭਾਗ ਸੜਕ ਦੀ ਮੁੜ ਉਸਾਰੀ ਲਈ ਪਹਿਲਕਦਮੀ ਕੀਤੇ ਅਤੇ ਨਾ ਹੀ ਨਗਰ ਨਿਗਮ ਲੋਕ ਹਿੱਤ ਵਿੱਚ ਪ੍ਰੀਮਿਕਸ ਪਾ ਕੇ ਟੋਇਆਂ ਨੂੰ ਭਰਨ ਜਹਿਮਤ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਾ ਰੋਡ ਸ਼ਹਿਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਵਾਹਨ ਲੰਘਦੇ ਹਨ। ਬਜਾਜ ਅਤੇ ਭੱਲਾ ਨੇ ਕਿਹਾ ਕਿ ਰਾਤ ਨੂੰ ਸਟਰੀਟ ਲਾਈਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ ਅਤੇ ਬਰਸਾਤੀ ਪਾਣੀ ਨਾਲ ਭਰੇ ਇਹ ਵੱਡੇ ਅਤੇ ਡੂੰਘੇ ਟੋਏ ਵਾਹਨ ਚਾਲਕਾਂ ਦੀ ਕੀਮਤੀ ਜਾਨ ਨੂੰ ਮੌਤ ਦੇ ਮੂੰਹ ਵਿਚ ਬਦਲ ਸਕਦੇ ਹਨ। ਬਦਕਿਸਮਤੀ ਨਾਲ ਜੇਕਰ ਅਜਿਹਾ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੀ.ਡਬਲਯੂ.ਡੀ. ਵਿਭਾਗ ਅਤੇ ਕਾਰਪੋਰੇਸ਼ਨ ਫਗਵਾੜਾ ਦੀ ਹੋਵੇਗੀ। ਉਨ੍ਹਾਂ ਫਗਵਾੜਾ ਵਿੱਚ ਸਰਗਰਮ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਸਖ਼ਤ ਲਹਿਜ਼ੇ ਵਿੱਚ ਤਾੜਨਾ ਕੀਤੀ ਕਿ ਵਿਕਾਸ ਦੇ ਝੂਠੇ ਦਾਅਵੇ ਕਰਨ ਦੀ ਬਜਾਏ ਬੰਗਾ ਰੋਡ ਦੀ ਮੁੜ ਉਸਾਰੀ ਦਾ ਕੰਮ ਜਲਦੀ ਕਰਵਾਇਆ ਜਾਵੇ। ਨਹੀਂ ਤਾਂ ਸ਼ਹਿਰ ਵਾਸੀ ਤਿੱਖਾ ਰੋਸ ਮੁਜਾਹਰਾ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਇਸ ਮਾਮਲੇ ਸਬੰਧੀ ਖੱਤਰੀ ਸਭਾ ਦੇ ਵਫ਼ਦ ਸਮੇਤ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਅਤੇ ਮੰਤਰਾਲੇ ਨਾਲ ਰਾਬਤਾ ਕਾਇਮ ਕਰਕੇ ਫਗਵਾੜਾ ਪ੍ਰਸ਼ਾਸਨ ਦੀ ਲਾਪਰਵਾਹ ਕਾਰਜਸ਼ੈਲੀ ਤੋਂ ਜਾਣੂ ਕਰਵਾਉਣ ਦੀ ਗੱਲ ਵੀ ਕਹੀ ਹੈ।

NO COMMENTS