*ਰਾਸ਼ੀ ਨਾ ਦੇਣ ‘ਤੇ ਕੈਪਟਨ ਅਤੇ ਰੰਧਾਵਾ ਦੀ ਪੈਨਸਨ ਅਤੇ ਹੋਰ ਲਾਭ ਬੰਦ ਕੀਤੇ ਜਾਣਗੇ*

0
20

ਚੰਡੀਗੜ੍ਹ, 2 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਪੱਸਟ ਸਬਦਾਂ ਵਿੱਚ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਖਤਰਨਾਕ ਅਪਰਾਧੀ ਮੁਖਤਾਰ ਅੰਸਾਰੀ ਦੇ ਆਰਾਮਪ੍ਰਸਤੀ ਠਹਿਰਾਅ ‘ਤੇ ਖਰਚੇ ਗਏ 55 ਲੱਖ ਰੁਪਏ ਸੂਬਾ ਸਰਕਾਰ ਅਦਾ ਨਹੀਂ ਕਰੇਗੀ ਅਤੇ ਇਹ ਪੈਸਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲ ਕੀਤਾ ਜਾਵੇਗਾ।

ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਵਿੱਚ ਸਾਮਲ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਰੰਧਾਵਾ, ਦੋਵਾਂ ਨੇ ਬਦਨਾਮ ਗੈਂਗਸਟਰ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਐਸਪ੍ਰਸਤੀ ਨਾਲ ਰਹਿਣ ਦੀ ਖੁੱਲ੍ਹ ਦਿੱਤੀ ਜਿਸ ਦੇ ਕਾਰਨ ਉਹ ਬਿਹਤਰ ਢੰਗ ਨਾਲ ਜਾਣਦੇ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਰਦਾਤਾਵਾਂ ਦਾ ਪੈਸਾ ਇਸ ਤਰ੍ਹਾਂ ਬਰਬਾਦ ਕਿਉਂ ਹੋਣ ਦੇਵੇ ਜਦਕਿ ਉਸ ਸਮੇਂ ਸੱਤਾ ‘ਚ ਰਹਿਣ ਵਾਲਿਆਂ ਨੇ ਅੰਸਾਰੀ ਨਾਲ ਆਪਣੀ ਸਾਂਝ-ਭਿਆਲੀ ਪੁਗਾਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੇ ਪੈਸੇ ਦੀ ਨਿਰਲੱਜਤਾ ਨਾਲ ਕੀਤੀ ਗਈ ਲੁੱਟ ਹੈ ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਹੀ ਇਸ ਬਾਰੇ ਭਲੀ ਭਾਂਤ ਜਾਣਦੀਆਂ ਹੋਣਗੀਆਂ ਕਿ ਇਸ ਬਦਨਾਮ ਅਪਰਾਧੀ ਨੂੰ ਰੋਪੜ ਜੇਲ੍ਹ ਵਿੱਚ ਪੂਰੀਆਂ ਸੁੱਖ-ਸਹੂਲਤਾਂ ਨਾਲ ਕਿਉਂ ਰੱਖਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਰਾਮਦਾਇਕ ਠਹਿਰ ਯਕੀਨੀ ਬਣਾਉਣ ਤੋਂ ਇਲਾਵਾ ਇਹ ਯਕੀਨੀ ਬਣਾਇਆ ਕਿ ਇਸ ਕੱਟੜ ਅਪਰਾਧੀ ਨੂੰ ਜੇਲ੍ਹ ਦੇ ਅੰਦਰ ਕਿਸੇ ਕਿਸਮ ਦੀ ਮੁਸਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਪਾਸਾ ਵੱਟਿਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਦੀ ਸਰਕਾਰ ਨੇ ਰੋਪੜ ਜੇਲ੍ਹ ਵਿੱਚ ਬੰਦ ਇਸ ਅਪਰਾਧੀ ਦੇ ਹਿੱਤ ਮਹਿਫੂਜ ਰੱਖਣ ਲਈ ਟੈਕਸ ਭਰਨ ਵਾਲਿਆਂ ਦੇ 55 ਲੱਖ ਰੁਪਏ ਖਰਚ ਕੀਤੇ ਸਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਬੇਰਹਿਮੀ ਨਾਲ ਕੀਤੀ ਜਾਣ ਵਾਲੀ ਅਜਿਹੀ ਲੁੱਟ ਪੂਰੀ ਤਰ੍ਹਾਂ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਪੈਸੇ ਦੀ ਸਰੇਆਮ ਲੁੱਟ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਰੰਧਾਵਾ ਨੂੰ ਇਹ ਪੈਸਾ ਆਪਣੀ ਜੇਬ ਵਿੱਚੋਂ ਭਰਨਾ ਪਵੇਗਾ ਨਹੀਂ ਤਾਂ ਇਸ ਰਾਸੀ ਦੀ ਵਸੂਲੀ ਲਈ ਉਨ੍ਹਾਂ ਦੀਆਂ ਪੈਨਸਨਾਂ ਅਤੇ ਹੋਰ ਲਾਭ ਬੰਦ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਵਿੱਚ ਸਾਮਲ ਹਰ ਵਿਅਕਤੀ ਨੂੰ ਉਨ੍ਹਾਂ ਦੇ ਗੁਨਾਹ ਲਈ ਜਵਾਬਦੇਹ ਬਣਾਇਆ ਜਾਵੇਗਾ।    

NO COMMENTS