ਮਾਨਸਾ 11 ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਆਪਣੀ ਜ਼ਿੰਦਗੀ ਦੇ ਪੂਰੇ 26 ਸਾਲ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਤੇ ਲਗਾਉਣ ਵਾਲਾ ਸ਼ਖ਼ਸ ਅੱਜ ਖੁਦ ਕਿਸੇ ਸਮਾਜ ਸੇਵੀ ਮਸੀਹੇ ਦੀ ਉਡੀਕ ਵਿਚ ਬੈਠਾ ਹੈ ਜੋ ਉਸ ਦੀ ਮਦਦ ਕਰ ਸਕੇ ਤੇ ਉਸ ਦੀ ਜਾਨ ਬਚਾ ਸਕੇ। ਇਹ ਸਮਾਜ ਸੇਵੀ ਕੋਈ ਹੋਰ ਨਹੀਂ ਸਗੋਂ ਰਾਸ਼ਟਰਪਤੀ ਯੁਵਾ ਐਵਾਰਡ ਨਾਲ ਸਨਮਾਨਤ ਸੋਹਣ ਸਿੰਘ ਅਕਲੀਆ ਹੈ। 1992 ਤੋਂ ਨਹਿਰੂ ਯੁਵਾ ਕੇਂਦਰ ਨਾਲ ਜੁਡ਼ਿਆ ਸੋਹਣ ਸਿੰਘ ਅਕਲੀਆ ਨੇ ਜ਼ਿਲ੍ਹਾ ਮਾਨਸਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਆਦਿ ਦੇ ਸੈਂਕੜੇ ਪਿੰਡਾਂ ਵਿੱਚ ਜਾ ਕੇ ਸਾਖਰਤਾ ਮਹਿੰਮ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਖਿਲਾਫ਼ ਹੋਕਾ ਦਿੱਤਾ। ਆਪਣੇ ਪਿੰਡ ਅਕਲੀਆ ਤੋਂ ਸ਼ੁਰੂ ਹੋਕੇ ਸੋਹਣ ਸਿੰਘ ਨੇ ਦੇਸ਼ ਦੇ ਡੇਢ ਦਰਜਨ ਤੋਂ ਜ਼ਿਆਦਾ ਰਾਜਾਂ ਵਿੱਚ ਜਾ ਕੇ ਨਹਿਰੂ ਯੁਵਾ ਕੇਂਦਰ ਰਾਹੀਂ ਅਤੇ ਵੱਖ-ਵੱਖ ਸੰਸਥਾਵਾਂ ਰਾਹੀਂ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ। ਦੇਸ਼ ਦੇ ਨੌਜਵਾਨਾਂ ਚ ਨਵਾਂ ਜੋਸ਼ ਭਰਿਆ ਅਤੇ ਲੋਕ ਭਲਾਈ ਦੀਆਂ ਸਰਕਾਰੀ ਸਕੀਮਾ ਨੂੰ ਹਰ ਲੋੜਬੰਦ ਤੱਕ ਪਹੁੰਚਾਉਣ ਚ ਵੱਡਾ ਯੋਗਦਾਨ ਪਾਇਆ। ਉਸ ਨੇ ਖੂਨਦਾਨ ਲਹਿਰ ਨਾਲ ਜੁੜਕੇ ਖੁਦ 85 ਵਾਰ ਖੂਨਦਾਨ ਕੀਤਾ। ਉਸ ਵੱਲੋ ਸਮਾਜ ਸੇਵਾ ਅਤੇ ਲੋਕ ਭਲਾਈ ਕੰਮਾਂ ਚ ਪਾਏ ਯੋਗਦਾਨ ਸਦਕਾ ਉਸ ਨੂੰ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਵੱਲੋਂ ਰਾਸ਼ਟਰਪਤੀ ਯੁਵਾ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਉਸ ਨੂੰ ਸਮਾਜ ਪ੍ਰਤੀ ਨਿਭਾਈਆਂ ਗਤੀਵਿਧੀਆਂ ਕਰਕੇ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਜ ਯੁਵਾ ਪੁਰਸਕਾਰ ਤੇ ਰਾਸ਼ਟਰਪਤੀ ਯੁਵਾ ਪੁਰਸਕਾਰ ਪ੍ਰਾਪਤ ਸੋਹਣ ਸਿੰਘ ਅਕਲੀਆ ਨੂੰ ਵੱਖ-ਵੱਖ ਸੰਸਥਾਵਾਂ, ਕੱਲਬਾਂ ਸਰਕਾਰੀ ਅਤੇ ਗੈਰ ਸਰਕਾਰੀ ਮਹਿਕਮੇ ਤੇ ਵਿਭਾਗਾਂ ਵੱਲੋਂ ਪਤਾ ਹੀ ਨਹੀਂ ਕਿੰਨੇ ਵਾਰ ਸਨਮਾਨਿਤ ਕੀਤਾ ਗਿਆ ਹੈ ਪਰ ਇਹ ਸਨਮਾਨ ਉਸ ਦੀ ਜਿੰਦਗੀ ਦਾ ਸਹਾਰਾ ਨਾ ਬਣ ਸਕੇ ਤੇ ਉਸ ਦੇ ਬਿਮਾਰ ਹੋ ਚੁੱਕੇ ਸਰੀਰ ਲਈ ਇਲਾਜ ਦਾ ਵਸੀਲਾ ਨਾ ਬਣ ਸਕੇ। 10 ਅਪ੍ਰੈਲ 1974 ਨੂੰ ਜਨਮੇ ਸੋਹਣ ਸਿੰਘ ਨੂੰ ਬਚਪਨ ਚ ਪੋਲੀਓ ਹੋ ਗਿਆ ਸੀ। ਅੰਗਹੀਣ ਹੋਣ ਦੇ ਬਾਵਜੂਦ ਉਸ ਨੇ ਉਹ ਕੁਝ ਕਰ ਵਿਖਾਇਆ ਕਿ ਉਸ ਦਾ ਨਾਮ ਪੂਰੇ ਭਾਰਤ ਚ ਲੱਗਣ ਵਾਲੇ ਵੱਡੇ ਯੁਵਕ ਸਿਖਲਾਈ ਕੈੰਪਾਂ, ਹਾਈਕਿੰਗ ਟਰੈਕਿੰਗ ਕੈਂਪਾਂ ਅਤੇ ਅੈਨ.ਅੈਸ. ਅੈਸ. ਕੈੰਪਾਂ ਚ ਗੂੰਜਣ ਲੱਗਿਆ। ਬੇਸੱਕ ਉਡੀਸਾਂ ਦੇ ਹੜ੍ਹਾ ਮੌਕੇ ਹੋਏ ਨੁਕਸਾਨ ਚ ਮਦਦ ਦਾ ਸਵਾਲ ਹੋਵੇ ਤੇ ਜਾਂ ਫਿਰ ਗੁਜਰਾਤ ਚ ਆਏ ਭਚਾਲਾਂ ਮੌਕੇ ਕੀਤੀ ਲੋੜਬੰਦਾ ਦੀ ਮਦਦ ਸੋਹਣ ਸਿੰਘ ਨੇ ਹਮੇਸ਼ਾ ਮੂੰਹਰੀਲੀਆ ਕਤਾਰਾਂ ਚ ਰਹਿਕੇ ਮਦਦ ਕੀਤੀ। ਜਿਸ ਬਦਲੇ ਉਸ ਨੂੰ ਰਾਸ਼ਟਰਪਤੀ ਯੂਵਾ ਅਵਾਰਡ ਮਿਲਿਆ। ਬਿਨਾਂ ਕਿਸੇ ਲਾਲਚ ਦੇ ਸੋਹਣ ਸਿੰਘ ਨੇ ਸਮਾਜ ਅਤੇ ਲੋੜਬੰਦਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਿੱਤੀ ਪਰ ਅੱਜ ਸੋਹਣ ਸਿੰਘ ਦੇ ਹਲਾਤ ਬਹੁਤ ਹੀ ਜਿਆਦਾ ਤਰਸਯੋਗ ਹਨ ਉਸ ਕੋਲ ਆਪਣਾ ਇਲਾਜ ਕਰਾਉਣ ਲਈ ਵੀ ਕੋਈ ਜਮਾਂ ਪੁੰਜੀ ਨਹੀਂ। ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੋਹਣ ਸਿੰਘ ਕਿਸੇ ਫਰਿਸਤੇ ਦੀ ਉਡੀਕ ਚ ਹੈ ਜੋ ਉਸ ਦਾ ਇਲਾਜ ਕਰਵਾਕੇ ਉਸ ਦੀ ਹਨੇਰੀ ਜਿੰਦਗੀ ਚ ਰੌਸਨ ਕਰ ਸਕੇ। ਦੋ ਸਾਲ ਪਹਿਲਾਂ ਉਸ ਦੀ ਲੱਤ ਚ ਹੋਈ ਇੰਨਫੈਕਸ਼ਨ ਕਾਰਨ ਹੋਏ ਅਪਰੇਸ਼ਨ ਚ ਉਸ ਦੀ ਲੱਤ ਕੱਟਣੀ ਪਈ। ਗਰੀਬ ਪਰਿਵਾਰ ਨਾਲ ਸੰਬਧਤ ਸੋਹਣ ਸਿੰਘ ਦੇ ਉਸ ਸਮੇ ਹੋਏ ਇਲਾਜ ਤੇ ਪਿੰਡ ਦੇ ਕੁਝ ਨੌਜਵਾਨਾਂ ਅਤੇ ਨਹਿਰੂ ਯੁਵਾ ਕੇੰਦਰ ਮਾਨਸਾ ਦੇ ਲੇਖਾਕਾਰ ਸੰਦੀਪ ਘੰਡ ਨੇ ਆਪਣੀ ਜੇਬ ਚੋ ਖਰਚ ਕਰਕੇ ਇਲਾਜ ਕਰਵਾਇਆ। ਲੱਤ ਕੱਟਣ ਤੋ ਬਆਦ ਸੋਹਣ ਸਿੰਘ ਮੰਜੇ ਤੇ ਬੈਠ ਗਿਆ। ਘਰ ਦੇ ਹਲਾਤ ਬਹੁਤ ਹੀ ਤਰਸ਼ਯੋਗ ਬਣ ਚੁੱਕੇ ਹਨ।ਬੁਢਾਪੇ ਚ ਆਪਣੇ ਮਾਪਿਆਂ ਦਾ ਸਾਹਰਾ ਬਣਨ ਵਾਲਾ ਸੋਹਣ ਅੱਜ ਖੁਦ ਆਪਣੇ ਮਾਪਿਆਂ ਤੇ ਬੋਝ ਬਣਿਆ ਮਹਿਸੂਸ ਕਰਦਾ ਹੈ। ਸੋਹਣ ਸਿੰਘ ਦੀ ਲੱਤ ਕੱਟੇ ਜਾਣ ਕਰਕੇ ਅਤੇ ਦੋਵੇ ਅੱਖਾਂ ਦੀ ਨਜ਼ਰ ਚਲੇ ਜਾਣ ਕਰਕੇ ਉਹ ਤੁਰਨ-ਫਿਰਨ ਤੋ ਵੀ ਅਹਾਰੀ ਹੋ ਗਿਆ ਹੈ। ਉਸ ਦੇ ਸਰੀਰ ਨੂੰ ਸੋਜ ਆ ਰਹੀ ਹੈ। ਇਲਾਜ ਕਰਾਉਣਾ ਤਾਂ ਦੂਰ ਬਿਮਾਰੀ ਦੀ ਜਾਂਚ ਕਰਾਉਣ ਲਈ ਵੀ ਬੇਬੱਸ ਹੈ। ਉਸ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ। ਉਸ ਦਾ ਪਿਤਾ ਜੁਤੀਆ ਆਦਿ ਗੰਢਕੇ ਦੋ ਵਖਤ ਦੀ ਰੋਟੀ ਦਾ ਜੁਗਾਡ ਚਲਾ ਰਿਹਾ ਹੈ। ਸੋਹਣ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਆਪਣੀ ਜਿੰਦਗੀ ਚ ਹਜਾਰਾਂ ਲੋੜਬੰਦਾਂ ਦੀ ਸਹਾਇਤਾ ਕੀਤੀ। ਪਤਾ ਨਹੀ ਕਿੰਨੇ ਲੋਕ ਉਸ ਨੂੰ ਪੌੜੀ ਬਣਾਕੇ ਆਪਣੀਆਂ ਮੰਜਿਲਾ ਤੇ ਪਹੁੰਚੇ। ਉਹ ਸੱਚੇ ਦਿੱਲੋ ਹਰ ਲੋੜਬੰਦ ਦੀ ਮਦਦ ਕਰਦਾ ਰਿਹਾ ਪਰ ਅੱਜ ਉਹ ਬਿਮਾਰ ਤੇ ਲਚਾਰ ਹੈ ਉਸ ਨੂੰ ਉਡੀਕ ਹੈ ਕਿ ਉਸ ਦੀ ਮਦਦ ਲਈ ਕੋਈ ਸੰਸਥਾ, ਸਮਾਜ ਸੇਵੀ ਜਾਂ ਸਰਕਾਰ ਅੱਗੇ ਆਵੇ। ਉਸ ਨੂੰ ਕਿਸੇ ਚੰਗੇ ਹਸਪਤਾਲ ਚੋ ਤੁਰੰਤ ਇਲਾਜ ਦੀ ਲੋੜ ਹੈ।
ਸੋਹਣ ਸਿੰਘ ਦੀ 70 ਸਾਲਾਂ ਮਾਤਾ ਗੁਰਦੇਵ ਕੌਰ ਨੇ ਆਪਣੇ ਪੁੱਤ ਦੇ ਹਲਾਤਾਂ ਤੇ ਹੰਝੂ ਵਹਾਂਉਦਿਆ ਕਿਹਾ ਕਿ ਇਸ ਉਮਰ ਚ ਪੁੱਤ ਨੇ ਸਾਡਾ ਸਹਾਰਾ ਬਣਨਾ ਸੀ ਪਰ ਕੁੱਦਰਤ ਨੇ ਹਲਾਤ ਇਹ ਬਣਾ ਦਿੱਤੇ ਹਨ ਕਿ ਪੁੱਤ ਦੀ ਸਾਂਭ-ਸੰਭਾਲ ਵੀ ਸਾਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਆਪਣੇ ਸਮਾਜ ਸੇਵੀ ਪੁੱਤਰ ਦੇ ਇਲਾਜ ਕਰਾਉਣ ਦੀ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਨਿਰਸਵਾਰਥ ਆਪਣੀ ਜਿੰਦਗੀ ਲੋਕ ਸੇਵਾ ਅਰਪਣ ਕਰਨ ਵਾਲੇ ਇਸ ਸੱਚੇ ਇਨਸ਼ਾਨ ਸੋਹਣ ਸਿੰਘ ਅਕਲੀਆ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ, ਸਾਮਜ ਸੇਵੀ ਵਿਅਕਤੀਆਂ, ਦਾਨੀ ਸੱਜਣਾ ਅਤੇ ਸਰਕਾਰਾਂ ਨੂੰ ਅੱਗੇ ਆਕੇ ਮਦਦ ਕਰਨੀ ਚਾਹੀਦੀ ਹੈ।
ਕੈਪਸ਼ਨ: ਰਾਸ਼ਟਰਪਤੀ ਯੁਵਾ ਪੁਰਸਕਾਰ ਪ੍ਰਾਪਤ ਸੋਹਣ ਸਿੰਘ ਅਕਲੀਆ ਜਾਣਕਾਰੀ ਦਿੰਦਾ ਹੋਇਆ।