*ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ 24 ਬੱਚਿਆਂ ਦਾ ਮੁਫ਼ਤ ਦਿਲ ਦਾ ਅਪਰੇਸ਼ਨ ਹੋਇਆ*

0
7

ਮਾਨਸਾ, 15 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐੱਸ.ਕੇ) ਅਧੀਨ ਬੱਚਿਆਂ ਦੇ ਜਮਾਂਦਰੂ ਨੁਕਸ, ਸਰੀਰਕ ਕਮੀਆਂ, ਸਰੀਰਕ ਅੰਗਾਂ ਵਿੱਚ ਵਿਕਾਸ ਦੀ ਕਮੀ ਦੇ ਨਾਲ ਨਾਲ 30 ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ 501 ਸਰਕਾਰੀ ਸਕੂਲ ਅਤੇ 801 ਆਂਗਣਵਾੜੀ ਸੈਂਟਰਾਂ ਵਿੱਚ ਦਾਖ਼ਲ ਬੱਚਿਆਂ ਦਾ ਆਰ.ਬੀ.ਐਸ.ਕੇ. (ਰਾਸ਼ਟਰੀਆ ਬਾਲ ਸਵਾਸਥ ਕਾਰਿਆਕ੍ਰਮ) ਮੈਡੀਕਲ ਟੀਮਾਂ ਰਾਹੀ ਸਕੂਲਾਂ ਵਿੱਚ ਸਮੇਂ ਸਮੇਂ ’ਤੇ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਦੁਆਰਾ ਬੱਚਿਆਂ ਦੀ ਸਿਹਤ ਜਾਂਚ ਉਪਰੰਤ ਲੋੜ ਪੈਣ ’ਤੇ ਇਲਾਜ਼ ਲਈ ਪੀੜਤ ਬੱਚਿਆਂ ਨੂੰ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਹਸਪਤਾਲਾਂ ਵਿਚ ਰੈਫਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ 62 ਬੱਚਿਆਂ ਦੇ ਕੇਸ ਜ਼ਿਲ੍ਹਾ ਮਾਨਸਾ ਤੋਂ ਸਟੇਟ ਹੈਡਕੁਆਟਰ ਇਲਾਜ਼ ਲਈ ਭੇਜੇ ਗਏ ਹਨ। ਇੰਨ੍ਹਾਂ ਕੇਸਾਂ ਵਿੱਚੋਂ 24 ਬੱਚਿਆਂ ਦੇ ਦਿਲ ਦਾ ਸਫਲ ਆਪ੍ਰੇਸ਼ਨ ਕਰਵਾਇਆ ਜਾ ਚੁੱਕਾ ਹੈ ਅਤੇ 3 ਬੱਚੇ ਬਿਨ੍ਹਾਂ ਆਪ੍ਰੇਸ਼ਨ ਤੋਂ ਮਾਹਿਰ ਡਾਕਟਰਾਂ ਦੁਆਰਾ ਦਿੱਤੀ ਦਵਾਈ ਅਤੇ ਖੁਰਾਕ ਲੈਣ ਨਾਲ ਠੀਕ ਹੋ ਗਏ ਹਨ, ਜਦਕਿ 21 ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ ਅਤੇ 7 ਬੱਚਿਆਂ ਨੂੰ ਸਟੇਟ ਹੈਡਕੁਆਟਰ ’ਤੇ ਚੈਕਅਪ ਲਈ ਰੈਫਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਮੈਡੀਕਲ ਅਫ਼ਸਰ, ਸਟਾਫ ਨਰਸ, ਏ.ਐਨ.ਐਮ ਅਤੇ ਆਸ਼ਾ ਵਰਕਰ ਰਾਹੀ ਸਕਰੀਨਿੰਗ ਕਰਕੇ ਜਮਾਂਦਰੂ ਨੁਕਸ ਵਾਲੇ ਬੱਚਿਆਂ ਨੂੰ ਪਹਿਲਾਂ ਬਲਾਕ ਪੱਧਰ ’ਤੇ ਰੈਫਰ ਕੀਤਾ ਜਾਂਦਾ ਹੈ, ਡੇਢ ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਅਤੇ 6 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਰਾਹੀਂ ਜਮਾਂਦਰੂ ਨੁਕਸ, ਕਮਜ਼ੋਰੀ, ਘੱਟ ਵਾਧਾ ਵਿਕਾਸ ਵਾਲੇ ਬੱਚਿਆਂ ਦੀ ਬਿਮਾਰੀ ਦੀ ਜਲਦੀ ਤੋਂ ਜਲਦੀ ਪਛਾਣ ਕਰਕੇ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਸਕੀਮ ਤਹਿਤ ਸਿਹਤ ਸੰਸਥਾਵਾਂ ਵਿੱਚ ਪੈਦਾ ਹੋਏ ਨਵਜਨਮੇ ਬੱਚੇ, ਆਂਗੜਵਾੜੀ ਸੈਂਟਰਾਂ ਵਿੱਚ ਦਾਖਲ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਕਲਾਸ ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਮੁਆਇਨਾ ਕਰਨ ਤੋਂ ਬਾਅਦ ਬਿਮਾਰੀ ਦਾ ਪਤਾ ਲੱਗਣ ’ਤੇ ਉਸਨੂੰ ਅਗਲੇਰੇ ਇਲਾਜ ਲਈ ਭੇਜਿਆ ਜਾਂਦਾ ਹੈ।

NO COMMENTS