ਰਾਸ਼ਟਰੀ ਪਾਣੀ ਦਿਵਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਪਿੰਡ ਪਿੰਡ ਪਾਣੀ ਦੀ ਸੰਭਾਲ ਸਬੰਧੀ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ

0
8

ਮਾਨਸਾ 22,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) :ਰਾਸ਼ਟਰੀ ਪਾਣੀ ਦਿਵਸ ਅਤੇ ਯੂਥ ਪਾਰਲੀਮੈਂਟ ਨਾਲ ਸਬੰਧਿਤ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ਚ  ਮੀਂਹ ਦੇ ਪਾਣੀ ਨੂੰ ਬਚਾਉਣ ਹਿਤ ਯੂਥ ਕਲੱਬਾਂ ਵੱਲ੍ਹੋਂ ਕੈਚ ਦੀ ਰੇਨ ਸਰਲੇਖ ਹੇਠ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੂਥ ਅਫਸਰ ਸ੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ਪਾਣੀ ਦਾ ਸੰਕਟ ਦਿਨੋਂ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ,ਬੇਸ਼ੱਕ ਸਰਕਾਰਾਂ ਵੀ ਇਸ ਲਈ ਆਪਣੇ ਪੱਧਰ ‘ਤੇ ਉਪਰਾਲੇ ਕਰ ਰਹੀਆਂ ਹਨ,ਪਰ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਨਿੱਜੀ ਤੌਰ ‘ਤੇ ਅੱਗੇ ਆ ਕੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ ਅਸੀਂ ਪਾਣੀ ਦੀ ਬੱਚਤ ਸਬੰਧੀ ਗੰਭੀਰ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਖਤਰਨਾਕ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਇਸ ਮੌਕੇ ਸਮੂਹ ਭਾਗੀਦਾਰਾਂ ਨੂੰ ਪਾਣੀ ਦੀ ਬੱਚਤ ਕਰਨ ਸਬੰਧੀ ਸਹੁੰ ਵੀ ਚੁਕਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ੍ਰੀ ਸੰਦੀਪ ਘੰਡ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਮਿਲੇ ਇਸ ਵਿਸ਼ੇਸ਼ ਪ੍ਰੋਜੈਕਟ ਵਿੱਚ ਜ਼ਿਲ੍ਹੇ ਦੇ 50 ਪਿੰਡਾਂ ਦੀ ਚੋੱਣ ਕੀਤੀ ਗਈ ਹੈ,ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮਗਨਰੇਗਾ ਯੋਜਨਾ ਅਧੀਨ ਪਾਣੀ ਦੀ ਸੰਭਾਲ ਲਈ ਸੋਕਪਿਟ ਬਣਾਏ ਜਾ ਰਹੇ ਹਨ ,ਜਿਸ ਦਾ ਸਾਰਾ ਖਰਚ ਮਗਨਰੇਗਾ ਤਹਿਤ ਕੀਤਾ ਜਾ ਰਿਹਾ ਹੈ। ਮੰਚ ਸੰਚਾਲਨ ਕਰਦਿਆਂ ਸਟੇਟ ਮੀਡੀਆ ਕੋਆਰਡੀਨੇਟਰ ਅਤੇ ਜ਼ਿਲ੍ਹਾ ਕਲੱਬਜ਼ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਯੂਥ ਕਲੱਬਾਂ ਵੱਲ੍ਹੋਂ ਪਾਣੀ ਦੀ ਸੰਭਾਲ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਕੀਤੇ ਜਾ ਰਹੇ ਉਪਰਾਲਿਆਂ ਚ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਮਨੋਜ ਕੁਮਾਰ, ਸੁਖਵਿੰਦਰ ਸਿੰਘ,ਖੁਸ਼ਵਿੰਦਰ ਸਿੰਘ,ਮਨਦੀਪ ਕੌਰ,ਰਮਨਦੀਪ ਕੌਰ,ਗੁਰਵਿੰਦਰ ਸਿੰਘ,ਸ਼ੀਤਲ ਕੌਰ ਨੇ ਕਿਹਾ ਕਿ ਪਾਣੀ ਦੀ ਸੰਭਾਲ ਸਬੰਧੀ ਪਿੰਡ ਪਿੰਡ ਜਾਗਰੂਕ ਮੁਹਿੰਮ ਨੂੰ ਲੋਕਾਂ ਵੱਲ੍ਹੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।

NO COMMENTS