ਚੰਡੀਗੜ੍ਹ 18,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਬੀਤੀ ਅੱਧੀ ਰਾਤ ਨੂੰ ਵੱਡਾ ਫੇਰਬਦਲ ਹੋਇਆ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ। ਉਨ੍ਹਾਂ ਦੀ ਥਾਂ ‘ਤੇ ਸਿਧਾਰਥ ਚਟੋਪਾਧਿਆਏ ਨੂੰ ਇਹ ਚਾਰਜ ਦਿੱਤਾ ਗਿਆ ਹੈ। ਇਸ ਫੇਰਬਦਲ ਨਾਲ ਚਰਚਾ ਛਿੜ ਗਈ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਕਰਨਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਹੁਣ ਸਰਕਾਰ ਵੱਲੋਂ 10 PPS ਅਫ਼ਸਰ ਅਤੇ 1 IPS ਅਫ਼ਸਰ ਦੇ ਤਬਾਦਲੇ ਦੇ ਵੀ ਹੁਕਮ ਜਾਰੀ ਹੋਏ ਹਨ।ਇਹ ਟ੍ਰਾਂਸਫਰਸ ਇਸ ਪ੍ਰਕਾਰ ਹਨ…
ਉਧਰ ਚਰਚਾ ਹੈ ਕਿ ਸਹੋਤਾ ਦੀ ਨਿਯੁਕਤੀ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਸਨ। ਚਟੋਪਾਧਿਆਏ ਸਿੱਧੂ ਦੀ ਪਹਿਲੀ ਪਸੰਦ ਸਨ, ਪਰ ਸੀਐਮ ਚਰਨਜੀਤ ਚੰਨੀ ਨੇ ਆਪਣੀ ਪਸੰਦ ਦੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਸੀ। ਹਾਲਾਂਕਿ ਹੁਣ ਇਸ ਨਵੀਂ ਤਾਇਨਾਤੀ ਤੋਂ ਬਾਅਦ ਪੰਜਾਬ ‘ਚ ਤੇਜ਼ੀ ਨਾਲ ਪੁਲਿਸ ਕਾਰਵਾਈ ਕੀਤੇ ਜਾਣ ਦੀ ਉਮੀਦ ਹੈ।
ਉਧਰ, ਅੱਧੀ ਰਾਤ ਨੂੰ ਅਚਾਨਕ ਡੀਜੀਪੀ ਦੀ ਬਦਲੀ ਹੋਣ ਨਾਲ ਪੰਜਾਬ ‘ਚ ਬਹੁਚਰਚਿਤ ਡਰੱਗਜ਼ ਮਾਮਲੇ ‘ਚ ਹਲਚਲ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਡਰੱਗਜ਼ ਮਾਮਲੇ ‘ਚ ਕਾਰਵਾਈ ਲਈ ਇਹ ਕਦਮ ਚੁੱਕਿਆ ਗਿਆ ਹੈ। ਨਸ਼ਿਆਂ ਦੇ ਮਾਮਲੇ ਵਿੱਚ ਵੱਡੇ ਲੀਡਰਾਂ ਦਾ ਨਾਂ ਬੋਲਦਾ ਹੈ ਪਰ ਪਿਛਲੇ ਸਮੇਂ ਵਿੱਚ ਕੋਈ ਕਾਰਵਾਈ ਨਹੀਂ ਹੋਈ।
ਨਵਜੋਤ ਸਿੱਧੂ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੇ ਹਨ। ਉਹ ਸਪਸ਼ਟ ਕਹਿ ਰਹੇ ਹਨ ਕਿ ਨਸ਼ਿਆਂ ਦੇ ਤਾਰ ਕਈ ਅਕਾਲੀ ਲੀਡਰਾਂ ਨਾਲ ਜੁੜੇ ਹਨ। ਇਹ ਵੀ ਅਹਿਮ ਹੈ ਕਿ ਨਵੇਂ ਕਾਰਜਕਾਰੀ ਡੀਜੀਪੀ ਵਜੋਂ ਨਿਯੁਕਤ ਕੀਤੇ ਗਏ ਸਿਧਾਰਥ ਚਟੋਪਾਧਿਆਏ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਚੁੱਕੇ ਹਨ।