*ਰਾਜ ਸਰਕਾਰ ਵੱਲੋ ਪਿਛਲੇ ਬਜ਼ਟ ਦੇ ਮੁਕਾਬਲੇ ਸਿੱਖਿਆ ਦੇ ਖੇਤਰ ’ਚ 16.27 ਫੀਸਦੀ ਦਾ ਕੀਤਾ ਵਾਧਾ-ਵਿਧਾਇਕ ਬੁੱਧ ਰਾਮ*

0
5

ਮਾਨਸਾ, 6 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜ਼ਿਆ ਦੌਰਾਨ ਜ਼ਿਲ੍ਹਾ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਅੰਦਰ ਪਹਿਲੀ, ਦੂਜੀ ਅਤੇ ਤੀਜੇ ਸਥਾਨ ਲੈਣ ਅਤੇ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ ਪ੍ਰੋਗਰਾਮ ਰੱਖਿਆ ਗਿਆ। ਪ੍ਰੋਗਰਾਮ ਦੌਰਾਨ ਵਿਸ਼ੇਸ ਤੌਰ ਹਲਕਾ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਸ੍ਰੀ ਬੁੱਧ ਰਾਮ, ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ 12ਵੀਂ ਜਮਾਤ ਦੇ ਆਏ ਨਤੀਜ਼ਿਆ ਦੌਰਾਨ ਪੰਜਾਬ ਭਰ ’ਚ ਮੈਰਿਟ ਸੂਚੀ ’ਚ ਆਉਣ ਵਾਲੇ ਜਿਲ੍ਹਾ ਮਾਨਸਾ ਦੇ 15 ਵਿਦਿਆਰਥੀਆਂ ਸਮੇਤ ਮਾਪਿਆ, ਸਕੂਲ ਮੁਖੀਆ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋ ਪਿਛਲੇ ਬਜ਼ਟ ਦੇ ਮੁਕਾਬਲੇ ਸਿੱਖਿਆ ਦੇ ਖੇਤਰ ’ਚ 16.27 ਫੀਸਦੀ ਦਾ ਵਾਧਾ ਕੀਤਾ ਹੈ ਜੋ ਸਿੱਖਿਆ ਦੇ ਮਿਆਰ ਨੂੰ ਹੋਰ ਬੁਲੰਦੀਆਂ ਦੇ ਲਿਜਾਉਣ ਲਈ ਲਾਹੇਵੰਦ ਸਾਬਿਤ ਹੋਵੇਗਾ। ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਤਰਜ਼ੀਹ ਦੇਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਜਿਸਦੇ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਈ ਕਸਰ ਬਾਕੀ ਨਹੀ ਛੱਡੇਗੀ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ 15 ਵਿਦਿਆਰਥੀਆਂ ਵਿੱਚੋਂ 14 ਲੜਕੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ਼ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ’ਚ ਲੜਕਿਆਂ ਤੋਂ ਘੱਟ ਨਹੀ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਭਵਿੱਚ ਅੰਦਰ ਹੋਰ ਮਿਹਨਤ ਕਰਕੇ ਮਾਤਾ ਪਿਤਾ ਅਤੇ ਜ਼ਿਲ੍ਹੇ ਦਾ ਨਾਮ ਚਮਕਾਉਣ ਲਈ ਸੁਭਕਾਨਾਵਾਂ ਦਿੱਤੀਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਦਾ ਸਾਡੇ ਦੇਸ਼, ਸੂਬੇ ਅਤੇ ਸਮਾਜ ਦੀ ਤਰੱਕੀ ਅੰਦਰ ਅਹਿਮ ਰੋਲ ਹੈ ਜਿਸਦੇ ਲਈ ਖੂਬ ਮਿਹਨਤ ਕਰਕੇ ਚੰਗੇ ਮੁਕਾਮ ਹਾਸਿਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸੁਵਿਧਾਵਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਬਾਰਵੀਂ ਜਮਾਤ ਅੰਦਰ ਚੰਗਾ ਮੁਕਾਮ ਹਾਸਿਲ ਕਰਕੇ ਜ਼ਿਲ੍ਹੇ ਦਾ ਨਾਮ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਬਾਦ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਅੰਦਰ ਹੋਰ ਤਰੱਕੀ ਕਰਨ ਲਈ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਭਰ ’ਚ ਪਹਿਲਾ ਰੈਂਕ ਹਾਸਿਲ ਕਰਨ ਵਾਲੀ ਅਰਸ਼ਦੀਪ ਕੌਰ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਸੁਕੰਨਿਆਂ ਸਮਰਿਧੀ ਯੋਜਨਾ ਦਾ ਖਾਤਾ ਖੁਲਵਾ ਕੇ 51 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤੀਜਾ ਰੈਂਕ ਹਾਸਿਲ ਕਰਨ ਵਾਲੀਆ ਵਿਦਿਆਰਥਣਾਂ ਸ਼ਾਕਸੀ ਅਤੇ ਭਵਿੱਖਦੀਪ ਕੌਰ ਦੇ ਵੀ 31-31 ਹਜ਼ਾਰ ਰੁਪਏ ਦੀ ਰਾਸ਼ੀ ਦੇ ਖਾਤੇ ਖੁਲਵਾਏ ਜਾਣਗੇ। ਇਸ ਤੋਂ ਇਲਾਵਾ ਬਾਕੀ 12 ਵਿਦਿਆਰਥੀਆਂ ਦੇ ਵੀ ਇਸੇ ਤਰਜ਼ ‘ਤੇ 21-21 ਹਜ਼ਾਰ ਰੁਪਏ ਦੀ ਰਾਸ਼ੀ ਦੇ ਖਾਤੇ ਖੁਲਵਾ ਕੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੰਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਸ਼ਹਿਜਪ੍ਰੀਤ ਕੌਰ ਨੇ ਚੌਥਾ, ਸੀਮਾ ਦੇਵੀ ਅਤੇ ਨਵਇੰਦਰ ਕੌਰ ਨੇ ਪੰਜਵਾਂ, ਮਨਦੀਪ ਕੌਰ ਨੇ 6ਵਾਂ, ਅਰਸੂ ਰਾਣੀ, ਗੁਰਬਾਜ਼ ਸਿੰਘ, ਅਮਨਪ੍ਰੀਤ ਵਰਮਾ ਨੇ ਸੱਤਵਾਂ, ਸਨੇਹਾ ਚੋਧਰੀ ਨੇ ਅੱਠਵਾਂ, ਮਨਦੀਪ ਕੌਰ, ਗਗਨਦੀਪ ਕੌਰ, ਪ੍ਰੀਤ ਕੌਰ ਵਾਲੀਆ ਅਤੇ ਰੇਨੂ ਜੈਨ ਨੇ 9ਵਾਂ ਰੈਂਕ ਹਾਸਿਲ ਕੀਤਾ।
ਇਸ ਮੌਕੇ ਡਿਪਟੀ ਡੀ.ਈ.ਓ ਗੁਰਲਾਬ ਸਿੰਘ, ਗੁਰਦੀਪ ਸਿੰਘ ਡੀ.ਐਮ. ਸਪਰੋਟਸ, ਬੂਟਾ ਸਿੰਘ ਬੀ.ਐਮ. ਸਪੋਰਟਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਪਿੰਸੀਪਲ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

NO COMMENTS