*ਰਾਜ ਸਰਕਾਰ ਆਮ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪਹਿਲਕਦਮੀ ਨਾਲ ਹੱਲ ਕਰਨ ਲਈ ਵਚਨਬੱਧ-ਗੁਰਪ੍ਰੀਤ ਸਿੰਘ ਬਣਾਂਵਾਲੀ*

0
33

ਝੁਨੀਰ/ਮਾਨਸਾ, 16 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਜਨ ਸੁਣਵਾਈ ਕੈਂਪ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਅਤੇ ਮੌਕੇ ਉੱਤੇ ਹੀ ਵੱਖੋ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਝੁਨੀਰ ਵਿਖੇ ਲੋਕਾਂ ਨੇ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੂੰ ਕੈਂਪ ਵਿਚ ਆਪਣੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਬਾਰੇ ਜਾਣੂ ਕਰਵਾਇਆ।
ਵਿਧਾਇਕ ਬਣਾਂਵਾਲੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਨਤਕ ਕੈਂਪ ਅੱਗੇ ਤੋਂ ਵੀ ਜਾਰੀ ਰਹਿਣਗੇ ਤਾਂ ਜ਼ੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਹੀ ਸਰਕਾਰ ਦੀਆਂ ਸੇਵਾਵਾਂ ਮਿਲ ਸਕਣ ਅਤੇ ਲੋਕਾਂ ਨੂੰ ਦਫਤਰਾਂ ਤੱਕ ਨਾ ਆਉਣਾ ਪਵੇ। ਉਨ੍ਹਾਂ ਕਿਹਾ ਕਿ ਲੋਕ ਸੁਵਿਧਾ ਕੈਂਪ ਲਗਾਉਣ ਦਾ ਮੰਤਵ ਆਮ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਯੋਗ ਕੰਮਾਂ ਦਾ ਸਮੇਂ ਨਾਲ ਨਿਪਟਾਰਾ ਕਰਨਾ ਹੈ, ਜਿਸ ਦੇ ਲਈ ਹਰੇਕ ਵਿਭਾਗੀ ਅਧਿਕਾਰੀ ਨੂੰ ਕੈਂਪ ਵਿਚ ਸੱਦਿਆ ਗਿਆ ਹੈ।
  ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੈਂਪ ਦੌਰਾਨ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪੀਣ ਵਾਲੇ ਪਾਣੀ, ਰਾਸ਼ਨ ਕਾਰਡ, ਬੁਢਾਪਾ ਪੈਨਸ਼ਨ, ਅੰਗਹੀਣ ਸਰਟੀਫਿਕੇਟ, ਨਹਿਰੀ ਪਾਣੀ, ਬਿਜਲੀ ਬੋਰਡ, ਸ਼ਗਨ ਸਕੀਮ, ਕੱਚੇ ਮਕਾਨ ਪੱਕੇ ਕਰਨ, ਨਿਸ਼ਾਨਦੇਹੀਆਂ ਆਦਿ ਸਬੰਧੀ ਪ੍ਰਾਪਤ ਹੋਈਆਂ 153 ਦਰਖ਼ਾਸਤਾਂ ਦਾ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਬੁਲਾਅ ਕੇ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਮ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪਹਿਲਕਦਮੀ ਨਾਲ ਹੱਲ ਕਰਨ ਲਈ ਵਚਨਬੱਧ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੇ ਦਰਾਂ ’ਤੇ ਜਾ ਕੇ ਜਨ ਸੁਣਵਾਈ ਕੈਂਪ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦਾ ਇਕ ਥਾਂ ਮੌਜੂਦ ਹੋਣ ਨਾਲ ਪਿੰਡਾਂ ਵਿਚ ਜਮੀਨੀ ਪੱਧਰ ਉਤੇ ਲੋਕਾਂ ਦੀ ਸਮੱਸਿਆਵਾਂ ਦਾ ਪਤਾ ਲਗਦਾ ਹੈ ਅਤੇ ਇਸ ਨਾਲ ਇਨ੍ਹਾਂ ਦਾ ਹੱਲ ਵੀ ਯਕੀਨੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ ਅਜਿਹੇ ਕੈਂਪ ਲਗਾਤਾਰ ਲੱਗਦੇ ਰਹਿਣਗੇ, ਜਿੰਨ੍ਹਾਂ ਸਦਕਾ ਲੋਕਾਂ ਦੇ ਕੰਮ ਨਿਸ਼ਚਿਤ ਸਮੇਂ ਅੰਦਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਾਹਿਬਾਨ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

NO COMMENTS