*ਰਸੋਈ ਗੈਸ ਦੀ ਸਪਲਾਈ ਹੋਈ  ਪ੍ਰਭਾਵਿਤ,ਲੋਕਾਂ ਨੂੰ ਨਹੀਂ ਮਿਲ ਰਹੇ ਸਿਲੰਡਰ,ਲੋਕਾਂ ਵਿਚ ਹਾਹਾਕਾਰ ਵਧੀ,*

0
149

ਬੁਢਲਾਡਾ 8 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਚ ਲਾਗੂ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਚ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਕਾਰਨ ਮਾਲਵਾ ਖੇਤਰ ਵਿੱਚ ਰਸੋਈ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਇਸ ਦੌਰਾਨ ਏਜੰਸੀਆਂ ਦੇ ਡੀਲਰ ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਇਧਰ ਉਧਰ ਫੋਨ ਖੜਕਾਉਂਦੇ ਰਹੇ ਕਿਉਂਕ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਹੋਣ ਕਾਰਨ ਗੈਸ ਏਜੰਸੀਆਂ ਤੇ ਰਸੋਈ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਬੈਕਲਾਗ ਦਾ ਅੰਕੜਾ ਲਗਾਤਾਰ ਵਧਦਾ ਚਲਿਆ ਜਾ ਰਿਹਾ ਹੈ। ਟਰੇਡ ਨਾਲ ਸਬੰਧਤ ਡੀਲਰ ਨੇ ਦੱਸਿਆ ਕਿ 1 ਜਨਵਰੀ ਤੋਂ ਬਾਅਦ ਗੈਸ ਦੀ ਬੁਕਿੰਗ ਕਰਵਾਉਣ ਵਾਲੇ ਖਪਤਕਾਰਾਂ ਨੂੰ ਹਾਲ ਦੀ ਘੜੀ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲ ਪਾ ਰਹੀ, ਜਿਸ ਕਾਰਨ ਜ਼ਿਆਦਾਤਰ ਖਪਤਕਾਰ, ਖਾਸ ਕਰ ਕੇ ਉਹ ਖਪਤਕਾਰ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਕੋਲ ਸਿਰਫ ਇਕ ਸਿਲੰਡਰ ਹੈ ਅਤੇ ਉਹ ਖਤਮ ਹੋਣ ਤੇ ਹੀ ਉਸ ਨੂੰ ਭਰਵਾਉਂਦੇ ਹਨ, ਜਦੋਂਕਿ ਜਿਨ੍ਹਾਂ ਪਰਿਵਾਰਾਂ ਕੋਲ 2 ਸਿਲੰਡਰ ਹਨ, ਉਹ ਇਕ ਖਤਮ ਹੋਣ ਤੋਂ ਪਹਿਲਾਂ ਹੀ ਦੂਜਾ ਭਰਵਾ ਕੇ ਰੱਖ ਲੈਂਦੇ ਹਨ। ਲੋਕਾਂ ਨੇ ਸ਼ੁਰੂ ਕੀਤੀ ਜਮ੍ਹਾਖੋਰੀ ਜ਼ਿਆਦਾਤਰ ਗੈਸ ਏਜੰਸੀਆਂ ਚ 4 ਤੋਂ 5 ਦਿਨਾਂ ਦਾ ਬੈਕਲਾਗ ਚੱਲ ਰਿਹਾ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਠੰਡ ਦੇ ਮੌਸਮ ਚ ਗੈਸ ਸਿਲੰਡਰ ਦੀ ਖਪਤ ਗਰਮੀਆਂ ਦੇ ਮੁਕਾਬਲੇ ਵਧ ਜਾਂਦੀ ਹੈ। ਅਜਿਹੇ ਚ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਆਉਣ ਵਾਲੇ ਦਿਨਾਂ ਚ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧ ਸਕਦੀਆਂ ਹਨ। ਇਸ ਦੌਰਾਨ ਜੋ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਲੋਕਾਂ ਚ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਚ ਹਿੱਟ ਐਂਡ ਰਨ ਕਾਨੂੰਨ ਨੂੰ ਸਿਰਿਓਂ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਡਰਾਈਵਰਾਂ ਦੀ ਹੜਤਾਲ ਇਕ ਵਾਰ ਫਿਰ ਵੱਡਾ ਰੂਪ ਧਾਰ ਸਕਦੀ ਹੈ, ਜਿਸ ਦੇ ਮੱਦੇਨਜ਼ਰ ਜ਼ਿਆਦਾਤਰ ਲੋਕਾਂ ਵੱਲੋਂ ਪੈਟਰੋਲ, ਡੀਜ਼ਲ, ਘਰੇਲੂ ਗੈਸ ਸਿਲੰਡਰਾਂ ਸਮੇਤ ਖਾਣ ਪੀਣ ਦੇ ਸਾਮਾਨ ਦੀ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਕਰਨ ਦੀ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਸਮੇਤ ਖਾਧ ਪਦਾਰਥਾਂ ਦੀਆਂ ਕੀਮਤਾਂ ਦੀ ਸੰਭਾਵਿਤ ਕਾਲਾਬਾਜ਼ਾਰੀ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। 

ਕੀ ਕਹਿੰਦੇ ਹਨ ਗੈਸ ਏਜੰਸੀ ਵਾਲੇ 

ਇਲਾਕੇ ਦੀਆਂ ਵੱਖ ਵੱਖ ਏਜੰਸੀਆਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਚ ਜ਼ਿਆਦਾਤਰ ਖਪਤਕਾਰਾਂ ਵੱਲੋਂ ਜਾਣਬੁੱਝ ਕੇ ਸਥਿਤੀ ਨੂੰ ਪੈਨਿਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਹੜਤਾਲ ਕਾਰਨ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਪਰ ਹਾਲਾਤ ਇੰਨੇ ਵੀ ਬੁਰੇ ਨਹੀਂ ਹਨ, ਜਿੰਨੇ ਜਮ੍ਹਾਖੋਰਾਂ ਵੱਲੋਂ ਕੀਤੇ ਜਾ ਰਹੇ ਹਨ। ਸ਼ਹਿਰਵਾਸੀਆਂ ਨੂੰ ਹੋਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਦੇ ਨਾਲ ਹਿੱਟ ਐਂਡ ਰਨ ਕਾਨੂੰਨ ਸਬੰਧੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਾਲਾਤ ਆਮ ਹੋ ਜਾਣਗੇ ਅਤੇ ਹਰ ਘਰ ਚ ਗੈਸ ਦੀ ਸਪਲਾਈ ਤੈਅ ਸਮੇਂ ਤੇ ਪੁੱਜ ਸਕੇਗੀ।

NO COMMENTS