ਮਾਨਸਾ, 21 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ )
ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ, ਇਸ ਲਈ ਹਰੇਕ ਵਿਅਕਤੀ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਿਸ਼ੀ ਪਾਲ ਸਿੰਘ ਨੇ ਅੱਜ ਸਥਾਨਕ ਸੈੰਟਰਲ ਪਾਰਕ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਆਯੂਰਵੈਦਿਕ ਵਿਭਾਗ ਮਾਨਸਾ ਵੱਲੋਂ ਮਨਾਏ ਗਏ 9ਵੇੰ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਕੀਤਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰੋਗ ਜੀਵਨ ਜਿਉਣ ਲਈ ਸਭ ਨੂੰ ਯੋਗ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵੇਰੇ ਜਲਦੀ ਉਠ ਕੇ ਜੋ ਵਿਅਕਤੀ ਯੋਗ ਜਾਂ ਕਸਰਤ ਕਰਦਾ ਹੈ, ਉਹ ਹਮੇਸ਼ਾ ਚੁਸਤ, ਦਰੁੱਸਤ ਅਤੇ ਤਣਾਅ ਮੁਕਤ ਰਹਿੰਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਨੇ ਸੈਂਟਰਲ ਪਾਰਕ ਵਿਖੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਚੁਗਿਰਦੇ ਦਾ ਹਰਿਆ ਭਰਿਆ ਹੋਣਾ ਵੀ ਯੋਗ ਕਰਨ ਲਈ ਸੁਚੱਜਾ ਵਾਤਾਵਰਣ ਹੁੰਦਾ ਹੈ।
ਇਸ ਮੌਕੇ ਯੋਗ ਇੰਸਟਰਕਟਰ ਡਾ. ਵਰਿੰਦਰ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਨੇ ਹਾਜ਼ਰੀਨ ਨੂੰ ਜਿੱਥੇ ਵੱਖ-ਵੱਖ ਆਸਨ ਕਰਵਾਏ, ਉਥੇ ਯੋਗ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
ਯੋਗਾ ਦਿਵਸ ਮੌਕੇ ਕਾਰਜ ਸਾਧਕ ਅਫਸਰ ਮਾਨਸਾ ਸ੍ਰੀ ਬਿਪਨ ਕੁਮਾਰ ਦੀ ਅਗਵਾਈ ਵਿੱਚ ਨਗਰ ਕੌਂਸਲ ਮਾਨਸਾ ਵੱਲੋਂ ਸੈਂਟਰਲ ਪਾਰਕ ਵਿਖੇ ਕਿਚਨ ਵੇਸਟ ਤੋਂ ਤਿਆਰ ਕੀਤੀ ਖਾਦ ਦੀ ਸਟਾਲ ਲਗਾਈ ਗਈ, ਇਹ ਖਾਦ ਯੋਗਾ ਕੈਂਪ ਵਿੱਚ ਆਏ ਲੋਕਾ ਨੂੰ ਵੰਡੀ ਅਤੇ ਲੋਕਾਂ ਨੂੰ ਗਿੱਲੇ ਕੂੜੇ ਤੋਂ ਹੋਮ ਕੰਪੋਸਟਿੰਗ ਕਰਨ ਅਤੇ ਸੋਰਸ ਸੈਗਰੀਗੇਸ਼ਨ (ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਰੱਖਣ) ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਅਸ਼ੀਸ਼ ਕੁਮਾਰ ਬਾਂਸਲ, ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੀਫ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ੍ਰੀ ਹਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਰਘਬੀਰ ਸਿੰਘ ਮਾਨ, ਸ੍ਰੀ ਨਵਲ ਗੋਇਲ, ਜਿਲ੍ਹਾ ਯੁਨਾਨੀ ਅਫਸਰ ਡਾ. ਨਮਿਤਾ ਗਰਗ, ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਸ੍ਰੀ ਗੁਰਪ੍ਰੀਤ, ਡਾ. ਸੀਮਾ, ਡਾ.ਪੂਜਾ, ਡਾ.ਗੁਰਪ੍ਰੀਤ, ਡਾ. ਡਿੰਪੀ, ਜਗਰਾਜ ਸਿੰਘ, ਰਾਜਵਿੰਦਰ ਅਤੇ ਕਰਨਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਆਯੂਰਵੈਦਿਕ ਦਫ਼ਤਰ ਮਾਨਸਾ ਦਾ ਸਟਾਫ ਮੌਜੂਦ ਸੀ।