*ਯੂਥ ਅਕਾਲੀ ਪ੍ਰਧਾਨ ਸਰਬਜੀਤ ਝਿੰਜਰ ਨੇ ਜਗਰਾਓਂ ਵਿੱਚ ਅਖੌਤੀ ਬਾਬਾ ਜੱਸ ਵੱਲੋਂ ਕੀਤੇ ਜਿਨਸੀ ਸ਼ੋਸ਼ਣ ਦੀ ਕੀਤੀ ਨਿੰਦਾ, ਸਖ਼ਤ ਕਾਰਵਾਈ ਦੀ ਕੀਤੀ ਮੰਗ*

0
8

ਚੰਡੀਗੜ੍ਹ, 9 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜਗਰਾਓਂ ਵਿੱਚ ਇੱਕ ਅਖੌਤੀ ਬਾਬੇ ਵੱਲੋਂ ਨਾਬਾਲਗ ਨਾਲ ਕੀਤੇ ਜਿਨਸੀ ਸ਼ੋਸ਼ਣ ਦੀ ਸਖ਼ਤ ਨਿਖੇਧੀ ਕੀਤੀ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ ਝਿੰਜਰ ਨੇ ਕਿਹਾ, “ਯੋਧਿਆਂ ਅਤੇ ਮਹਾਨ ਸੰਤਾਂ ਦੀ ਧਰਤੀ ਪੰਜਾਬ ਨੂੰ ਇਨ੍ਹਾਂ ਦਾਗੀ ਬਾਬਿਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ, ਪੰਜਾਬ ਜੋ ਹਮੇਸ਼ਾ ਆਪਣੀ ਬਹਾਦਰੀ ਅਤੇ ਰੂਹਾਨੀਅਤ ਲਈ ਜਾਣਿਆ ਜਾਂਦਾ ਰਿਹਾ ਹੈ, ਅੱਜ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੇ ਘਿਨਾਉਣੇ ਅਪਰਾਧਾਂ ਕਾਰਨ ਸ਼ਰਮਸਾਰ ਅਤੇ ਬਦਨਾਮੀ ਦਾ ਸਾਹਮਣਾ ਕਰ ਰਿਹਾ ਹੈ।”

ਉਨ੍ਹਾਂ ਅੱਗੇ ਕਿਹਾ, “ਜਗਰਾਓਂ ਦੇ ਪਿੰਡ ਛੋਟੀ ਕਾਉਂਕੇ ਵਿਖੇ ਬਾਬਾ ਜੱਸ ਵੱਲੋਂ 9 ਸਾਲਾ ਬੱਚੇ ‘ਤੇ ਜਿਨਸੀ ਸ਼ੋਸ਼ਣ ਦੀ ਤਾਜ਼ਾ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਇਸ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਪਿਛਲੇ ਮਹੀਨੇ ਅਸੀਂ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਦੇਖਿਆ ਸੀ ਜਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਅਖੌਤੀ ਬਾਬੇ ਵਲੋਂ ਔਰਤਾਂ ਦਾ ਸ਼ੋਸ਼ਣ ਕੀਤਾ ਗਿਆ ਸੀ।

“ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੱਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਅਜਿਹੇ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ ਜਾ ਸਕੇ ਜੋ ਅਜਿਹਾ ਘਿਨੌਣਾ ਕੰਮ ਕਰਨ ਬਾਰੇ ਸੋਚਦੇ ਵੀ ਹਨ। ਇਹ ਸਿਰਫ਼ ਸਮਾਜ ਨੂੰ ਨਹੀਂ ਪਰ ਉਹ ਉਸ ਸੰਸਥਾ ਨੂੰ ਵੀ ਬਦਨਾਮ ਕਰਦੇ ਹਨ ਜਿਸਦਾ ਉਹ ਹਿੱਸਾ ਹਨ।

“ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਨਿਆਂ ਯਕੀਨੀ ਬਣਾਇਆ ਜਾਵੇ। ਜੇਕਰ ਪੁਲਿਸ ਅਤੇ ਪ੍ਰਸ਼ਾਸਨ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਅਸੀਂ, ਸਿੱਖ, ਚੁੱਪ ਨਹੀਂ ਬੈਠਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਉਸਨੂੰ ਉਹ ਸਜ਼ਾ ਮਿਲੇ ਜਿਸਦਾ ਉਹ ਹੱਕਦਾਰ ਹੈ।”

“ਮੈਂ ਆਪਣੇ ਸਾਥੀ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਆਪਣੇ ਬੱਚਿਆਂ ਦਾ ਵੀ ਖ਼ਾਸ ਖ਼ਿਆਲ ਰੱਖੀਏ, ਤਾਂ ਜੋ ਕੋਈ ਵੀ ਉਨ੍ਹਾਂ ਦਾ ਸ਼ੋਸ਼ਣ ਨਾ ਕਰ ਸਕੇ। ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।”

NO COMMENTS