*ਯੂਕਰੇਨ ਤੋਂ ਪਰਤੇ ਪੰਜਾਬੀ ਨੌਜਵਾਨਾਂ ਨੇ ਦੱਸੀ ਹਕੀਕਤ, ਮੌਤ ਦੇ ਮੂੰਹ ‘ਚੋਂ ਇੰਝ ਬਚ ਕੇ ਆਏ*

0
25

ਹੁਸ਼ਿਆਰਪੁਰ 06,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਇੱਥੋਂ ਮੁਹੱਲਾ ਮਾਊਂਟ ਐਵਨਿਊ ਦਾ ਵਜਿੰਦਰ ਸਿੰਘ ਯੂਕਰੇਨ ਤੋਂ ਸ਼ੁੱਕਰਵਾਰ ਦੇਰ ਰਾਤ ਆਪਣੇ ਘਰ ਪਹੁੰਚਿਆ। ਉਸ ਦੇ ਪਰਿਵਾਰ ਵੱਲੋਂ ਆਪਣੇ ਪੁੱਤ ਦੀ ਸੁਰੱਖਿਅਤ ਵਤਨ ਤੇ ਘਰ ਵਾਪਸੀ ‘ਤੇ ਉਸ ਦਾ ਸੁਆਗਤ ਕੀਤਾ ਗਿਆ। ਵਜਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਯੂਕਰੇਨ ‘ਚ ਐਮਬੀਬੀਐਸ ਦੀ ਡਿਗਰੀ ਕਰ ਰਿਹਾ ਸੀ।

ਵਜਿੰਦਰ ਸਿੰਘ ਨੇ ਦੱਸਿਆ ਕਿ ਰੋਮਾਨੀਆ ਬਾਰਡਰ ‘ਤੇ ਹਜ਼ਾਰਾਂ ਭਾਰਤੀ ਨੌਜਵਾਨ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੂੰ ਬਾਰਡਰ ਪਾਰ ਕਰਨ ਨਹੀਂ ਦਿੱਤਾ ਜਾ ਰਿਹਾ ਸੀ। ਵਜਿੰਦਰ ਨੇ ਦੱਸਿਆ ਕਿ ਯੂਕਰੇਨ ਵਿੱਚ ਔਕੜਾਂ ਜ਼ਿਆਦਾ ਸੀ ਤੇ ਰੋਮਾਨੀਆ ਪੁੱਜਣ ਉੱਤੇ ਉੱਥੋਂ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਲੋੜੀਂਦਾ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ। ਵਜਿੰਦਰ ਨੇ ਦੱਸਿਆ ਕਿ ਭਾਰਤੀ ਅੰਬੈਸੀ ਵੱਲੋਂ ਕੋਈ ਹਾਂਪੱਖੀ ਹੁੰਗਾਰਾ ਨਹੀਂ ਮਿਲਿਆ ਤੇ ਨਾ ਕੋਈ ਭਾਰਤੀ ਅੰਬੈਸੀਆਂ ਦਾ ਕੋਈ ਵੀ ਬੰਦਾ ਉੱਥੇ ਹਾਜ਼ਰ ਸੀ। ਬੱਚੇ ਬਹੁਤ ਪ੍ਰੇਸ਼ਾਨ ਹਨ ਤੇ ਰਾਤ ਨੂੰ ਸੌਂ ਵੀ ਨਹੀਂ ਪਾ ਰਹੇ।

ਇਸੇ ਤਰ੍ਹਾਂ ਰੂਸ ਯੂਕਰੇਨ ਜੰਗ ਵਿੱਚ ਫਸੇ ਗੜ੍ਹਸ਼ੰਕਰ ਦੇ ਪਿੰਡ ਧਮਾਈ ਦਾ ਤਰਨਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਆਪਣੇ ਘਰ ਪਰਤ ਆਇਆ ਹੈ। ਉਸ ਦੇ ਘਰ ਪਰਤਣ ‘ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਤਰਨਵੀਰ ਸਿੰਘ ਖਾਰਕੀਵ ਯੂਨੀਵਰਸਿਟੀ ਖਾਰਕੀਵ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਸੀ।

ਤਰਨਵੀਰ ਨੇ ਦੱਸਿਆ ਕਿ ਉਹ ਖਾਰਕੀਵ ਦੇ ਮੈਟਰੋ ਸਟੇਸ਼ਨ ‘ਤੇ ਬੰਕਰ ਵਿੱਚ ਸੱਤ-ਅੱਠ ਦਿਨ ਰਿਹਾ। ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਹੰਗਰੀ ਦੇ ਬਾਰਡਰ ਤੱਕ ਪਹੁੰਚਿਆ ਜਿੱਥੋਂ ਉਸ ਨੂੰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਗੰਗਾ ਤਹਿਤ ਭਾਰਤ ਪਹੁੰਚਾਇਆ ਗਿਆ। ਤਰਨਵੀਰ ਨੇ ਦੱਸਿਆ ਕਿ ਯੂਕਰੇਨ ਦੇ ਹਾਲਾਤ ਬਹੁਤ ਮਾੜੇ ਹਨ ਜਿੱਥੇ ਲਗਾਤਾਰ ਬੰਬਾਰੀ ਹੋ ਰਹੀ ਹੈ।

ਉਸ ਨੇ ਦੱਸਿਆ ਕਿ ਭਾਰਤੀ ਅੰਬੈਸੀ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖਾਰਕੀਵ ਸ਼ਹਿਰ ਤੋਂ 10-12 ਕਿਲੋਮੀਟਰ ਦੂਰ ਪੈਦਲ ਲੈ ਜਾਇਆ ਜਾ ਰਿਹਾ ਹੈ ਤਾਂ ਕਿ ਉਹ ਉੱਥੇ ਸੁਰੱਖਿਅਤ ਰਹਿ ਸਕਣ ਕਿਉਂਕਿ ਰੂਸੀ ਫੌਜ ਵੱਲੋਂ ਸ਼ਹਿਰਾਂ ‘ਤੇ ਬੰਬ ਸੁੱਟੇ ਜਾ ਰਹੇ ਹਨ। ਤਰਨਵੀਰ ਨੇ ਯੂਕਰੇਨ ਵਿੱਚ ਰਹਿ ਗਏ ਬਾਕੀ ਵਿਦਿਆਰਥੀਆਂ ਨੂੰ ਹੌਂਸਲਾ ਰੱਖਣ ਦੀ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਹੋ ਸਕੇ। 

NO COMMENTS