ਯੂਏਈ (ਦੁਬਈ) : ਭਾਰਤੀ ਮਿਸ਼ਨਾਂ ਵੱਲੋਂ ਸ਼ੁਰੂ ਕੀਤੀ ਗਈ ਈ-ਰਜਿਸਟ੍ਰੇਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਕਾਰਨ ਆਪਣੇ ਘਰ ਆਉਣ ਲਈ ਰਜਿਸਟਰ ਕੀਤਾ ਹੈ। ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ, ਵਿਪੁਲ ਨੇ ਸ਼ਨੀਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਸ਼ਨੀਵਾਰ ਸ਼ਾਮ 6 ਵਜੇ ਤੱਕ, ਸਾਨੂੰ ਵੱਧ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਤਕਰੀਬਨ ਡੇਢ ਲੱਖ ਰਜਿਸਟਰੀਆਂ ਸਾਡੇ ਕੋਲ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਇੱਕ ਚੌਥਾਈ ਲੋਕ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਵਾਪਸ ਆਉਣਾ ਚਾਹੁੰਦੇ ਹਨ। ਬਿਨੈਕਾਰਾਂ ਵਿੱਚ ਤਕਰੀਬਨ 40 ਪ੍ਰਤੀਸ਼ਤ ਕਾਮੇ ਤੇ 20 ਪ੍ਰਤੀਸ਼ਤ ਪੇਸ਼ੇਵਰ ਹਨ। ਕੁੱਲ ਮਿਲਾ ਕੇ, 25 ਪ੍ਰਤੀਸ਼ਤ ਨੇ ਨੌਕਰੀ-ਨੁਕਸਾਨ ਨੂੰ ਦੇਸ਼ ਛੱਡਣ ਦਾ ਕਾਰਨ ਦੱਸਿਆ।
ਵਿਪੁਲ ਨੇ ਕਿਹਾ ਕਿ ਲਗਪਗ 10 ਪ੍ਰਤੀਸ਼ਤ ਬਿਨੈਕਾਰ ਯਾਤਰੀ ਵੀਜ਼ਾ ਧਾਰਕ ਹਨ ਜੋ ਉਡਾਣ ਦੀ ਮੁਅੱਤਲੀ ਤੇ ਤਾਲਾਬੰਦੀ ਤੋਂ ਬਾਅਦ ਭਾਰਤ ਵਿੱਚ ਫਸੇ ਹੋਏ ਸਨ। ਬਾਕੀ ਬਿਨੈਕਾਰਾਂ ਵਿੱਚ ਮੈਡੀਕਲ ਐਮਰਜੈਂਸੀ, ਗਰਭਵਤੀ ਔਰਤਾਂ ਤੇ ਵਿਦਿਆਰਥੀ ਸ਼ਾਮਲ ਹਨ।
ਅਬੂਧਾਬੀ ਸਥਿਤ ਭਾਰਤੀ ਦੂਤਾਵਾਸ ਤੇ ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਬੁੱਧਵਾਰ ਰਾਤ ਨੂੰ ਆਪਣੇ ਨਾਗਰਿਕਾਂ ਦਾ ਇੱਕ ਡੇਟਾਬੇਸ ਬਣਾਉਣ ਲਈ ਈ-ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜੋ ਘਰ ਜਾਣ ਦਾ ਇਰਾਦਾ ਰੱਖ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਵਾਪਸ ਪਰਤਣ ਲਈ ਕਈ ਭਾਰਤੀਆਂ ਦੇ ਰਜਿਸਟਰ ਕੀਤਾ ਹੈ ਜਿਨ੍ਹਾਂ ‘ਚ 50 ਪ੍ਰਤੀਸ਼ਤ ਕੇਰਲਾ ਰਾਜ ਦੇ ਹਨ