ਨਵੀਂ ਦਿੱਲੀ: ਤਾਉਤੇ ਤੂਫ਼ਾਨ (Tauktae Cyclone) ਤੋਂ ਬਾਅਦ ਹੁਣ ਪੂਰਬੀ ਤਟੀ ਖੇਤਰਾਂ ਉੱਤੇ ‘ਯਾਸ’ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ’ਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਚੱਕਰਵਾਤੀ ਤੂਫ਼ਾਨ ‘ਯਾਸ’ (YAAS Cyclone) ’ਚ ਬਦਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੂਫ਼ਾਨ ਨਾਲ ਨਿਪਟਣ ਲਈ ਚੱਲ ਰਹੀਆਂ ਤਿਆਰੀਆਂ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਫ਼ਸਰਾਂ ਤੇ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਦਾਇਤ ਕੀਤੀ ਕਿ ਸੰਭਾਵੀ ਖ਼ਤਰੇ ਵਾਲੇ ਸਥਾਨਾਂ ਤੋਂ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾਵੇ। ਇਸ ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ।
ਇਸ ਸਮੀਖਿਆ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰੀ ਆਫ਼ਤ ਨਿਵਾਰਣ ਬਲ ਭਾਵ (NDRF) ਨੇ ਚੱਕਰਵਾਤ ‘ਯਾਸ’ ਨਾਲ ਨਿਪਟਣ ਲਈ 46 ਟੀਮਾਂ ਨੂੰ ਪਹਿਲਾਂ ਹੀ ਕੰਮ ’ਤੇ ਲਾਇਆ ਹੈ। 13 ਟੀਮਾਂ ਅੱਜ ਹਵਾਈ ਰਸਤੇ ਪੁੱਜ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਤਟ ਰੱਖਿਅਕ ਬਲ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ, ਬਚਾਅ ਮੁਹਿੰਮਾਂ ਲਈ ਜਹਾਜ਼ਾਂ, ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਦੌਰਾਨ ਅਫ਼ਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਬਿਜਲੀ ਤੇ ਟੈਲੀਫ਼ੋਨ ਨੈੱਟਵਰਕ ਦੀ ਕਟੌਤੀ ਦੇ ਸਮੇਂ ਨੂੰ ਘਟਾਇਆ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਅਫ਼ਸਰਾਂ ਨੂੰ ਤੂਫ਼ਾਨ ਸਮੇਂ ਲੋਕਾਂ ਨੂੰ ‘ਕੀ ਕਰਨਾ ਹੈ’ ਅਤੇ ‘ਕੀ ਨਹੀਂ ਕਰਨਾ ਹੈ’ ਬਾਰੇ ਦਿਸ਼ਾ-ਨਿਰਦੇਸ਼ ਸਥਾਨਕ ਭਾਸ਼ਾ ’ਚ ਵੀ ਲੋਕਾਂ ਲਈ ਜਾਰੀ ਕੀਤੇ ਜਾਣ।
ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਗਈ ਕਿ ਕੈਬਿਨੇਟ ਸਕੱਤਰ ਨੇ 22 ਮਈ ਨੂੰ ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਸੀ। ਉਸ ਵਿੱਚ ਸਾਰੇ ਤਟੀ ਰਾਜਾਂ ਦੇ ਪ੍ਰਮੁੱਖ ਸਕੱਤਰ ਤੇ ਸਬੰਧਤ ਮੰਤਰਾਲੇ ਅਤੇ ਏਜੰਸੀਆਂ ਸ਼ਾਮਲ ਸਨ।
ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਗ੍ਰਹਿ ਮੰਤਰਾਲਾ ਵੀ 24 ਘੰਟੇ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ। ਮੰਤਰਾਲਾ ਲਗਾਤਾਰ ਸਬੰਧਤ ਰਾਜ ਸਰਕਾਰਾਂ ਤੇ ਕੇਂਦਰੀ ਏਜੰਸੀਆਂ ਦੇ ਸੰਪਰਕ ’ਚ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਵਿੱਚ SDRF ਨੂੰ ਵੀ ਐਡਵਾਂਸ ’ਚ ਇੰਸਟਾਲਮੈਂਟ ਜਾਰੀ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੈਟਰੋਲੀਅਮ ਮੰਤਰਾਲਾ ਸਮੁੰਦਰ ’ਚ ਮੌਜੂਦ ਸਾਰੇ ਤੇਲ ਖੂਹਾਂ ਤੇ ਅਜਿਹੇ ਹੋਰ ਪਲਾਂਟਸ ਦੀ ਦੇਖਭਾਲ ਤੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰੀ ਕਰ ਰਿਹਾ ਹੈ।