14,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਲਈ ਨਵੀਆਂ ਗੱਡੀਆਂ ਦੀ ਚਰਚਾ ‘ਤੇ ਸੀਐਮ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਣੇ ਮੰਤਰੀਆਂ ਲਈ ਕੋਈ ਨਵੀਂ ਗੱਡੀ ਨਹੀਂ ਖਰੀਦ ਰਹੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਦੀਆਂ ਸਰਕਾਰੀ ਗੱਡੀਆਂ ਵਾਪਸ ਲੈ ਲਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦੀ ਇੱਕ ਵੀ ਨਵੀਂ ਗੱਡੀ ਦਿਖਾਓ। ਇੱਕ ਵੀ ਨਵੀਂ ਫਾਰਚੂਨਰ ਦਿਖਾਓ। ਮੈਂ ਨੋਟਿਸ ਦਿੱਤਾ ਹੈ। ਉਹਨਾਂ ਕਿਹਾ ਕਿ ਪਰਗਟ ਸਿੰਘ ਨੂੰ ਕਹਿ ਦੇਣਾ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਕਹਿ ਦੇਣਾ ਕਿ ਉਨ੍ਹਾਂ ਕੋਲ ਜੋ ਗੱਡੀਆਂ ਹਨ, ਉਹ ਵੀ ਉਹ ਵਾਪਸ ਲੈਣ ਜਾ ਰਹੇ ਹਨ।
ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਆਪਣੇ ਮੰਤਰੀਆਂ ਲਈ ਵਿਸ਼ੇਸ਼ ਕਿਸਮ ਦੀਆਂ ਲਗਜ਼ਰੀ ਫਾਰਚੂਨਰ ਗੱਡੀਆਂ ਖਰੀਦੇਗੀ। ਦਾਅਵਾ ਕੀਤਾ ਗਿਆ ਸੀ ਕਿ ‘ਆਪ’ ਦੇ ਮੰਤਰੀ 50 ਲੱਖ ਦੀ ਕਾਰ ‘ਚ ਸਫਰ ਕਰਨਗੇ। ਇਸ ਦੇ ਨਾਲ ਹੀ ਵਿਧਾਇਕਾਂ ਲਈ 28 ਲੱਖ ਦੀ ਗੱਡੀ ਹੋਵੇਗੀ। ਵਾਹਨਾਂ ਦੀ ਖਰੀਦ ‘ਤੇ 18 ਕਰੋੜ ਰੁਪਏ ਖਰਚਣ ਦਾ ਦਾਅਵਾ ਕੀਤਾ ਗਿਆ ਸੀ।
ਵਿਵਾਦਾਂ ‘ਚ ਭਗਵੰਤ ਮਾਨ
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਇੱਕ ਹਫ਼ਤੇ ਤੋਂ ਵੱਡੇ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਬਿਜਲੀ ਮੁਫਤ ਕਰਨ ਦੇ ਮੁੱਦੇ ‘ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੁਲਾਕਾਤ ਨੂੰ ਲੈ ਕੇ ਵਿਰੋਧੀ ਧਿਰ ਨੇ ਭਗਵੰਤ ਮਾਨ ‘ਤੇ ਸਵਾਲ ਚੁੱਕੇ ਹਨ।
ਹਾਲਾਂਕਿ ਭਗਵੰਤ ਮਾਨ ਦੀ ਸਰਕਾਰ ਬਿਜਲੀ ਮੁਫ਼ਤ ਦੇਣ ਦੇ ਮੁੱਦੇ ‘ਤੇ ਜਲਦ ਹੀ ਵੱਡਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਹੀਨੇ ਸੂਬੇ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਨ।