ਮੰਡੀ ਬੋਰਡ ਨੇ ਮੁਲਾਜ਼ਮਾਂ ਨੂੰ 1.50 ਲੱਖ ਮਾਸਕ ਅਤੇ 15000 ਬੋਤਲਾਂ ਸੈਨੀਟਾਈਜ਼ਰ ਮੁਹੱਈਆ ਕਰਵਾਇਆ

0
21

ਚੰਡੀਗੜ, 18 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕਰੋਨਾਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਕਣਕ ਦੀ ਸੁਚੱਜੀ ਖਰੀਦ ਲਈ ਮੰਡੀ ਬੋਰਡ ਨੇ ਖਰੀਦ ਕੇਂਦਰਾਂ ਵਿੱਚ ਡਿੳੂਟੀ ’ਤੇ ਤਾਇਨਾਤ ਆਪਣੇ 5600 ਤੋਂ ਵੱਧ ਮੁਲਾਜ਼ਮਾਂ ਨੂੰ 1,50,000 ਮਾਸਕ ਅਤੇ ਸੈਨੀਟਾਈਜ਼ਰ ਦੀਆਂ 15000 ਬੋਤਲਾਂ ਮੁਹੱਈਆ ਕਰਵਾ ਕੇ ਸੁਰੱਖਿਆ ਉਪਾਵਾਂ ਦੀ ਪਾਲਣਾ ਪੱਖੋਂ ਪੁਖਤਾ ਬੰਦੋਬਸਤ ਕੀਤੇ ਹੋਏ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ 5600 ਤੋਂ ਵੱਧ ਮੁਲਾਜ਼ਮ ਪਿਛਲੇ ਲਗਪਗ ਇਕ ਮਹੀਨੇ ਤੋਂ ਦਿਨ-ਰਾਤ ਖਰੀਦ ਕੇਂਦਰਾਂ ਵਿੱਚ ਢੁਕਵੇਂ ਪ੍ਰਬੰਧ ਕਰਨ ਵਿੱਚ ਸ਼ਿੱਦਤ ਨਾਲ ਡਟੇ ਹੋਏ ਹਨ। ਹੁਣ ਖਰੀਦ ਸ਼ੁਰੂ ਹੋਣ ’ਤੇ ਇਨਾਂ ਵੱਲੋਂ ਮੰਡੀਆਂ ਵਿੱਚ ਸਿਹਤ ਸੁਰੱਖਿਆਵਾਂ ਨਾਲ ਜੁੜੇ ਉਪਾਵਾਂ ਦੀ ਪਾਲਣਾ ਨੂੰ ਪੂਰਨ ਤੌਰ ’ਤੇ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਨਾਂ ਮੁਲਾਜ਼ਮਾਂ ਵੱਲੋਂ ਮੰਡੀਆਂ ਵਿੱਚ ਕਣਕ ਦੀ ਆਮਦ ਮੌਕੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰ ਸਬੰਧਤ ਲੋਕਾਂ ਦਰਮਿਆਨ ਸਮਾਜਿਕ ਦੂਰੀ ਕਾਇਮ ਰੱਖਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ।
ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਕਣਕ ਦੀ ਖਰੀਦ/ਵੇਚ ਵਿੱਚ ਸਭ ਤੋਂ ਅਹਿਮ ਜ਼ਿੰਮੇਵਾਰੀ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਵੱਲੋਂ ਨਿਭਾਈ ਜਾ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਕੂਪਨ ਜਾਰੀ ਕਰਨ ਦਾ ਵੱਡਾ ਕਾਰਜ ਵੀ ਮੰਡੀ ਬੋਰਡ ਨਿਭਾਅ ਰਿਹਾ ਹੈ ਅਤੇ ਕਣਕ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀਆਂ ਵੱਲੋਂ ਆੜਤੀਆਂ ਰਾਹੀਂ ਲਗਪਗ 27 ਲੱਖ ਕੂਪਨ ਜਾਰੀ ਕੀਤੇ ਜਾਣੇ ਹਨ।
ਉਨਾਂ ਦੱਸਿਆ ਕਿ ਖਰੀਦ ਕੇਂਦਰਾਂ ਦੀ ਗਿਣਤੀ ਵੀ ਇਸ ਵਾਰ ਦੁੱਗਣੀ ਕਰਕੇ 3691 ਕੇਂਦਰ ਬਣਾਏ ਗਏ ਹਨ ਜਿੱਥੇ ਲਗਪਗ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਆਸ ਹੈ। ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਕਿਸਾਨਾਂ ਨੂੰ ਕਣਕ ਵੀ ਦੇਰੀ ਨਾਲ ਮੰਡੀਆਂ ਵਿੱਚ ਲਿਆਉਣ ਲਈ ਆਖਿਆ ਜਾ ਰਿਹਾ ਹੈ। ਇਹ ਖਰੀਦ ਕਾਰਜ ਜੂਨ ਤੱਕ ਜਾਰੀ ਰਹਿਣ ਦੀ ਉਮੀਦ ਹੈ ਜਿਸ ਕਰਕੇ ਲੰਮਾ ਸਮਾਂ ਚੱਲਣ ਵਾਲੀ ਖਰੀਦ ਪ੍ਰਿਆ ਲਈ ਇਹ ਮੁਲਾਜ਼ਮ ਕਿਸਾਨਾਂ ਨੂੰ ਪਾਸ ਜਾਰੀ ਕਰਨ, ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧਾਂ ਸਮੇਤ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ ਤਾਂ ਕਿ ਕਰੋਨਾਵਾਇਰਸ ਨੂੰ ਪੂਰੀ ਤਰਾਂ ਕਾਬੂ ਹੇਠ ਰੱਖਿਆ ਜਾ ਸਕੇ।
ਵਧੀਕ ਮੁੱਖ ਸਕੱਤਰ ਨੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਮੁਲਾਜ਼ਮਾਂ ਵੱਲੋਂ ਮੰਡੀਆਂ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਚੁਣੌਤੀਪੂਰਨ ਸਮੇਂ ਵਿੱਚ ਉਨਾਂ ਨੂੰ ਆਪਣੀਆਂ ਸੇਵਾਵਾਂ ਸਮਰਪਿਤ ਭਾਵਨਾ, ਤਨਦੇਹੀ ਅਤੇ ਲਗਨ ਨਾਲ ਜਾਰੀ ਰੱਖਣ ਦਾ ਸੱਦਾ ਦਿੱਤਾ।

NO COMMENTS