*ਮੰਡੀਆਂ ‘ਚ ਝੋਨੇ ਦੀ ਖਰੀਦ ਅੱਜ ਤੋਂ ਬੰਦ, ਕਿਸਾਨਾਂ ਬੋਲੇ 15 ਤੋਂ 20 ਫੀਸਦੀ ਫ਼ਸਲ ਖੇਤਾਂ ‘ਚ ਖੜ੍ਹੀ, ਹੁਣ ਕਿੱਥੇ ਵੇਚੀਏ…*

0
48

ਚੰਡੀਗੜ੍ਹ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਅੱਜ ਤੋਂ ਸਾਰੇ ਖ਼ਰੀਦ ਕੇਂਦਰ ਬੰਦ ਹੋ ਜਾਣਗੇ। ਇਸ ਲਈ ਕਿਸਾਨਾਂ ਨੂੰ ਫਿਕਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦੀ ਝੋਨੇ ਦੀ ਰਹਿੰਦੀ ਫ਼ਸਲ ਦਾ ਕੀ ਬਣੇਗਾ। ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ 15 ਤੋਂ 20 ਫੀਸਦੀ ਝੋਨੇ ਦੀ ਫ਼ਸਲ ਹਾਲੇ ਵੀ ਖੇਤਾਂ ਵਿੱਚ ਖੜ੍ਹੀ ਹੈ। ਖ਼ਰੀਦ ਕੇਂਦਰ ਬੰਦ ਹੋਣ ਮਗਰੋਂ ਆਪਣੀ ਫਸਲ ਕਿੱਥੇ ਵੇਚਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 30 ਨਵੰਬਰ ਤੱਕ ਝੋਨੇ ਦੀ ਖ਼ਰੀਦ ਕਰਨੀ ਸੀ ਪਰ ਸਰਕਾਰ ਸਮੇਂ ਤੋਂ ਪਹਿਲਾਂ ਹੀ ਖ਼ਰੀਦ ਕੇਂਦਰ ਬੰਦ ਕਰ ਰਹੀ ਹੈ।

ਉਧਰ, ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਸਰਕਾਰ ਲਈ ਵੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਬਾਰੇ ਖੁਰਾਕ, ਖ਼ਪਤਕਾਰ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸੂਬੇ ਦੀਆਂ ਮੰਡੀਆਂ ’ਚੋਂ 97 ਫ਼ੀਸਦੀ ਝੋਨੇ ਦੀ ਫ਼ਸਲ ਦੀ ਖਰੀਦ ਹੋ ਚੁੱਕੀ ਹੈ, ਇਸ ਕਰਕੇ ਸਰਕਾਰ ਹਾਲੇ ਖ਼ਰੀਦ ਮੰਡੀਆਂ ਵਿੱਚ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਫਿਰ ਵੀ ਕਿਸੇ ਕਿਸਾਨ ਦੀ ਫ਼ਸਲ ਦੇਰ ਨਾਲ ਕਟਾਈ ਕਾਰਨ ਰਹਿ ਜਾਂਦੀ ਹੈ, ਤਾਂ ਉਸ ਨੂੰ ਵੀ ਸਰਕਾਰ ਹਰ ਹਾਲ ਵਿੱਚ ਖਰੀਦੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਰਕਾਰ ਪ੍ਰਬੰਧ ਕਰਨ ਵਿੱਚ ਲੱਗੀ ਹੈ।

ਪੰਜਾਬ ਸਰਕਾਰ ਤਰਫੋਂ ਹੁਣ ਤੱਕ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਐਤਕੀਂ ਕੇਂਦਰ ਨੇ ਪੰਜਾਬ ’ਚੋਂ 170 ਲੱਖ ਮੀਟ੍ਰਿਕ ਟਨ ਫ਼ਸਲ ਖਰੀਦ ਕਰਨ ਦਾ ਟੀਚਾ ਦਿੱਤਾ ਸੀ ਜਦੋਂਕਿ ਪੰਜਾਬ ਸਰਕਾਰ ਨੇ 191 ਲੱਖ ਮੀਟ੍ਰਿਕ ਟਨ ਦੀ ਮੰਗ ਰੱਖੀ ਸੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਕਿ ਹੈ ਕਿ ਝੋਨੇ ਦੀ ਖ਼ਰੀਦ ਦੇ ਟੀਚੇ ਵਿੱਚ ਵਾਧਾ ਕੀਤਾ ਜਾਵੇ। ਕੇਂਦਰ ਨੇ ਮੰਗ ਨਾ ਮੰਨੀ ਤਾਂ ਰਾਜ ਸਰਕਾਰ ਨੂੰ ਆਪਣੇ ਪੱਲਿਓਂ ਖਰੀਦ ਕਰਨੀ ਪਵੇਗੀ।

NO COMMENTS