*ਮੌਸਮ ਵਿਭਾਗ ਵੱਲੋਂ ਮੀਂਹ, ਹਨ੍ਹੇਰੀ ਤੇ ਝੱਖੜ ਦੀ ਚੇਤਾਵਨੀ, ਪੰਜਾਬ ‘ਚ ਅੱਜ ਬਾਰਸ਼*

0
84

ਨਵੀਂ ਦਿੱਲੀ 22,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਮੌਸਮ ’ਚ ਹੁਣ ਤੇਜ਼ੀ ਨਾਲ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਪੱਛਮੀ ਗੜਬੜੀ ਵਾਲਾ ਮਾਹੌਲ ਬਣ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦਰਮਿਆਨੇ ਹਿੱਸੇ ’ਚ ਚੱਕਰਵਾਤੀ ਹਵਾਵਾਂ ਦਾ ਖੇਤਰ ਵੀ ਬਣਿਆ ਹੋਇਆ ਹੈ। ਇਸੇ ਕਾਰਨ ਭਾਰਤ ਦੇ ਕਈ ਰਾਜਾਂ ਵਿੱਚ ਹਨ੍ਹੇਰੀ-ਝੱਖੜ ਝੁੱਲਣ ਦੇ ਨਾਲ-ਨਾਲ ਮੀਂਹ ਦੇ ਆਸਾਰ ਬਣੇ ਹੋਏ ਹਨ। ਅੱਜ ਪੰਜਾਬ ਦੇ ਕਈ ਇਲਾਕਿਆਂ ’ਚ ਤੜਕੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ।

ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ’ਚ ਵੀ ਹਲਕੀ ਵਰਖਾ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਚੁੱਕੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (Indian Meterological Department) ਦੇ ਪੂਰਵ ਅਨੁਮਾਨ ਅਨੁਸਾਰ ਅੱਜ ਭਾਵ ਸ਼ੁੱਕਰਵਾਰ ਨੂੰ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਿਨ ਭਰ ਅੰਸ਼ਕ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਅੱਜ ਦਿੱਲੀ ’ਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨਾਲ ਤਾਪਮਾਨ ’ਚ ਕੁਝ ਕਮੀ ਆਵੇਗੀ ਤੇ ਗਰਮੀ ਤੋਂ ਰਾਹਤ ਮਿਲੇਗੀ। ‘ਸਕਾਈਮੈਟ ਵੈਦਰ’ ਅਨੁਸਾਰ ਪਹਾੜਾਂ ਉੱਤੇ ਇੱਕ ਵਾਰ ਫਿਰ ਪੱਛਮੀ ਗੜਬੜੀ ਮੁੜ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ’ਚ ਵੇਖਣ ਨੂੰ ਮਿਲੇਗਾ। ਦਿੱਲੀ ਤੋਂ ਇਲਾਵਾ ਪੰਜਾਬ ਤੇ ਹਰਿਆਣਾ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਮੌਸਮ ਵਿਭਾਗ ਅਨੁਸਾਰ ਝਾਰਖੰਡ, ਪੱਛਮੀ ਬੰਗਾਲ, ਓੜੀਸ਼ਾ, ਛੱਤੀਸਗੜ੍ਹ, ਵਿਦਰਭ, ਤੇਲੰਗਾਨਾ, ਤੱਟੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਤਾਮਿਲ ਨਾਡੂ, ਪੁੱਡੂਚੇਰੀ, ਕੇਰਲ ’ਚ ਵੀ ਵਰਖਾ ਹੋ ਸਕਦੀ ਹੈ। ਉੱਧਰ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ’ਚ ਵੀ ਮੀਂਹ ਦੇ ਆਸਾਰ ਹਨ। ਵਿਭਾਗ ਨੇ ਇਨ੍ਹਾਂ ਸਾਰੇ ਰਾਜਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।

NO COMMENTS