ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦਾ ਅਲਰਟ, ਜਾਣੋ ਪੰਜਾਬ, ਹਰਿਆਣਾ ਤੇ ਦਿੱਲੀ ਦੇ ਮੌਸਮ ਦਾ ਹਾਲ*

0
234

ਨਵੀਂ ਦਿੱਲੀ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪਿਛਲੇ ਕਈ ਦਿਨਾਂ ਤੋਂ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਬਣਿਆ ਰਿਹਾ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ‘ਸਕਾਈਮੈਟ’ ਨੇ ਅਗਲੇ ਕੁਝ ਦਿਨਾਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਖ਼ਾਸ ਕਰਕੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ 26 ਤੋਂ 29 ਜੁਲਾਈ ਤੱਕ ‘ਰੈਡ ਅਲਰਟ’ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਬੱਦਲ ਤੇ ਸੂਰਜ ਦੇ ਵਿਚਕਾਰ ਅੱਖ-ਮਟੱਕੇ ਦੀ ਖੇਡ ਜਾਰੀ ਰਹੇਗੀ। ਸ਼ੁੱਕਰਵਾਰ ਨੂੰ ਵੀ ਬੱਦਲਵਾਈ ਰਹੇਗੀ ਤੇ ਬਾਰਸ਼ ਹੋ ਸਕਦੀ ਹੈ। ਪੰਜਾਬ ’ਚ, ਬੁੱਧਵਾਰ ਨੂੰ ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ 23 ਤੇ 24 ਜੁਲਾਈ ਨੂੰ ਪੂਰੇ ਰਾਜ ਵਿਚ ਬੱਦਲਵਾਈ ਬੱਦਲ ਛਾਏ ਰਹਿਣਗੇ।

ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਬਾਰਸ਼ ਹੋਈ। ਬਠਿੰਡਾ ਵਿੱਚ ਤੜਕੇ-ਤੜਕੇ ਪਏ ਮੀਂਹ ਕਾਰਨ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਸੀ। ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਦੁਪਹਿਰ ਤੋਂ ਬਾਅਦ ਲੁਧਿਆਣਾ ਵਿੱਚ ਪਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ।

‘ਸਕਾਈਮੈਟ’ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਉੱਤੇ ਦੋ ਲਗਾਤਾਰ ਘੱਟ ਦਬਾਅ ਵਾਲੇ ਖੇਤਰ ਬਣ ਰਹੇ ਹਨ। ਪਹਿਲਾ 23 ਜੁਲਾਈ ਨੂੰ ਤੇ ਦੂਜਾ 26 ਜੁਲਾਈ ਦੇ ਆਸਪਾਸ। ਇਸ ਕਾਰਣ, ਨੇਪਾਲ ਦੇ ਪਹਾੜੀ ਖੇਤਰ ਤੇ ਬਿਹਾਰ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ।

ਮੀਂਹ 27 ਜੁਲਾਈ ਨੂੰ ਆਪਣੇ ਸਿਖਰ ‘ਤੇ ਰਹੇਗਾ ਤੇ ਭਾਰੀ ਬਾਰਸ਼ ਦਾ ਇਹ ਰੁਝਾਨ 29 ਜੁਲਾਈ ਤੱਕ ਜਾਰੀ ਰਹਿ ਸਕਦਾ ਹੈ। 29 ਜੁਲਾਈ ਤੋਂ ਬਾਅਦ, ਮੀਂਹ ਥੋੜ੍ਹਾ ਮੱਠਾ ਪੈ ਜਾਵੇਗਾ, ਪਰ ਹੜ੍ਹਾਂ ਦਾ ਪਾਣੀ ਜਲਦੀ ਹੀ ਘਟਦਾ ਨਹੀਂ ਜਾਪਦਾ ਕਿਉਂਕਿ ਥੋੜ੍ਹੇ-ਥੋੜ੍ਹੇ ਵਕਫ਼ਿਆਂ ਨਾਲ ਕਿਤੇ ਨਾ ਕਿਤੇ ਮੀਂਹ ਵਰ੍ਹ ਹੀ ਜਾਂਦਾ ਹੈ।

ਉੱਤਰ ਪ੍ਰਦੇਸ਼, ਦੱਖਣੀ ਗੁਜਰਾਤ, ਉਤਰਾਖੰਡ, ਪੱਛਮੀ ਬੰਗਾਲ, ਕੇਰਲ, ਹਿਮਾਚਲ ਪ੍ਰਦੇਸ਼, ਅਸਾਮ ਵਿੱਚ ਅੱਜ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਕੁਝ ਸਮੇਂ ਲਈ ਭਾਰੀ ਬਾਰਸ਼ ਵੀ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਵੀ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਦੇਸ਼ ਦੇ ਪੂਰਬੀ ਤੇ ਕੇਂਦਰੀ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕੁਝ ਹਿੱਸਿਆਂ ਲਈ ਅਲਰਟ ਵੀ ਜਾਰੀ ਕੀਤਾ ਹੈ।

NO COMMENTS