*ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ‘ਚ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਦਾ ਅਲਰਟ*

0
196

(ਸਾਰਾ ਯਹਾਂ/ਬਿਊਰੋ ਨਿਊਜ਼ ):  ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਬਾਰੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਵਿੱਚ 30 ਤੇ 31 ਮਾਰਚ ਨੂੰ ਮੀਂਹ ਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਵਿੱਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 30 ਮਾਰਚ (ਵੀਰਵਾਰ) ਨੂੰ ਪੱਛਮੀ ਵਿਗਾੜ ਦੇ ਚਲਦਿਆਂ ਰਾਜਸਥਾਨ ਤੋਂ ਗਰਜ ਤੇ ਚਮਕ ਵਾਲੇ ਬੱਦਲ ਬਾਅਦ ਦੁਪਹਿਰ ਪੰਜਾਬ ਤੇ ਹਰਿਆਣਾ ਵੱਲ ਅੱਗੇ ਵਧਣਗੇ। ਇਸ ਨਾਲ ਸੂਬੇ ’ਚ ਕਿਤੇ-ਕਿਤੇ ਭਾਰੀ ਮੀਂਹ ਪੈਣ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਇਸੇ ਤਰ੍ਹਾਂ 31 ਮਾਰਚ ਨੂੰ ਪੰਜਾਬ ਭਰ ਵਿੱਚ ਸਾਰਾ ਦਿਨ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਦੋਂ ਕਿ 1 ਅਪਰੈਲ ਨੂੰ ਮੌਸਮ ਖੁਸ਼ਕ ਰਹੇਗਾ ਤੇ ਮੁੜ 2 ਅਪਰੈਲ ਨੂੰ ਮੌਸਮ ਖਰਾਬ ਹੋ ਸਕਦਾ ਹੈ। 

ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ’ਚ ਪਿਛਲੇ ਹਫ਼ਤੇ ਮੀਂਹ ਤੇ ਗੜੇਮਾਰੀ ਕਰਕੇ ਹਾੜ੍ਹੀ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ, ਪਰ ਮੁੜ ਮੌਸਮ ’ਚ ਤਬਦੀਲੀ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨਾਂ ਦੇ ਸਾਹ ਸੂਤੇ ਗਏ ਹਨ । ਮੀਂਹ ਤੇ ਗੜੇਮਾਰੀ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਸੂਬੇ ਭਰ ਵਿੱਚ ਕਣਕ ਦੀ ਫਸਲ ਨੂੰ ਖੇਤਾਂ ਵਿੱਚ ਵਿਛਾ ਦਿੱਤਾ ਹੈ। ਜ਼ਿਆਦਾਤਰ ਖੇਤ ਮੀਂਹ ਕਰਕੇ ਨੱਕੋ-ਨੱਕ ਪਾਣੀ ਨਾਲ ਭਰ ਗਏ ਸੀ, ਉਹ ਵੀ ਹਾਲੇ ਤੱਕ ਪਾਣੀ ਨੂੰ ਖਪਾ ਨਹੀਂ ਸਕੇ ਹਨ । 

ਅਜਿਹੇ ਹਾਲਾਤ ਵਿੱਚ ਮੁੜ 48 ਘੰਟੇ ਮੀਂਹ ਪੈਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਪਹਿਲਾਂ ਹੀ ਸੂਬੇ ਵਿੱਚ ਵਿਗੜ ਰਹੇ ਮੌਸਮ ਨੂੰ ਵੇਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤਾਂ ਵਿੱਚ ਪਾਣੀ ਨੂੰ ਖੜ੍ਹੇ ਨਾ ਹੋਣ ਦਿੱਤਾ ਜਾਵੇ ।

NO COMMENTS