ਮੌਸਮ ਵਿਭਾਗ ਵੱਲੋਂ ਠੰਢ ਵਧਣ, ਬਰਫ਼ਬਾਰੀ ਤੇ ਮੀਂਹ ਪੈਣ ਦਾ ਅਲਰਟ

0
186

ਨਵੀਂ ਦਿੱਲੀ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕੁਝ ਉਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਤੋਂ ਬਾਅਦ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਰਾ ਕਾਫ਼ੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਪੂਰੀ ਪਕੜ ਬਣਾ ਲਵੇਗੀ। ਦੀਵਾਲੀ ਮਗਰੋਂ ਪਈ ਬਾਰਸ਼ ਨਾਲ ਮੈਦਾਨੀ ਇਲਾਕਿਆਂ ਵਿੱਚ ਪਹਿਲਾਂ ਹੀ ਠੰਢ ਵਧ ਗਈ ਹੈ।

ਮੌਸਮ  ਵਿਭਾਗ ਮੁਤਾਬਕ ਪਹਾੜਾਂ ਉੱਤੇ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਧਰ ਸੰਘਣੀ ਧੁੰਦ ਕਾਰਨ ਅੱਜ ਵੀਰਵਾਰ ਸਵੇਰੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਆਮ ਜਨ-ਜੀਵਨ ਪ੍ਰਭਾਵਿਤ ਰਿਹਾ। ਭਾਰਤ ਦੇ ਦੱਖਣੀ ਹਿੱਸਿਆਂ ਤਾਮਿਲਨਾਡੂ, ਪੁੱਡੂਚੇਰੀ, ਕੇਰਲ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਹੋਰ ਵੀ ਗਿਰਾਵਟ ਆ ਸਕਦੀ ਹੈ। ਹਿਮਾਚਲ ਪ੍ਰਦੇਸ਼ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵੱਖੋ-ਵੱਖਰੇ ਸਥਾਨਾਂ ਉੱਤੇ ਸੰਘਣੀ ਧੁੰਦ ਬਣੀ ਰਹੇਗੀ। ਉੱਧਰ ਜੰਮੂ-ਕਸ਼ਮੀਰ ਦੇ ਗੁਲਮਰਗ ’ਚ ਤਾਪਮਾਨ ਮਨਫ਼ੀ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਜੰਮੂ ਵਿੱਚ ਘੱਟੋ-ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ ਤੇ ਸ੍ਰੀਨਗਰ ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਨਵੀਂ ਦਿੱਲੀ ’ਚ ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਰਿਹਾ। ਸਨਿੱਚਰਵਾਰ ਤੱਕ ਇਹ ਤਾਪਮਾਨ ਹੋਰ ਘਟ ਕੇ 9 ਡਿਗਰੀ ਸੈਲਸੀਅਸ ’ਤੇ ਆ ਸਕਦਾ ਹੈ। ਹਿਮਾਚਲ ਪ੍ਰਦੇਸ਼ ’ਚ ਪਹਿਲੀ ਬਰਫ਼ਬਾਰੀ ਦੇ ਦੋ ਦਿਨਾਂ ਬਾਅਦ ਠੰਢ ਬਹੁਤ ਜ਼ਿਆਦਾ ਵਧ ਗਈ ਹੈ। ਲਾਹੌਲ ਤੇ ਸਪਿਤੀ ਦੇ ਕੀਲੌਂਗ ’ਚ ਸਭ ਤੋਂ ਘੱਟ ਮਨਫ਼ੀ 7.6 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਹੈ। ਕਿੰਨੌਰ ਦੇ ਕਲਪਾ ’ਚ ਤਾਪਮਾਨ ਮਨਫ਼ੀ 2.1 ਡਿਗਰੀ ਸੈਲਸੀਅਸ ਹੈ। ਸ਼ਿਮਲਾ ਦਾ ਤਾਪਮਾਨ 5.8 ਡਿਗਰੀ ਹੈ।

ਰਾਜਸਥਾਨ ਦੇ ਮਾਊਂਟ ਆਬੂ ’ਚ ਸਭ ਤੋਂ ਘੱਟ 4.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਚੁਰੂ ’ਚ ਰਾਤ ਦਾ ਤਾਪਮਾਨ 8.3 ਡਿਗਰੀ ਸੈਲਸੀਅਸ ਰਿਹਾ। ਜੈਪੁਰ ਦਾ ਤਾਪਮਾਨ 16.2 ਡਿਗਰੀ ਸੈਲਸੀਅਸ ਸੀ।

NO COMMENTS