ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਤੱਕ ਅਲਰਟ…!!

0
269

ਚੰਡੀਗੜ੍ਹ: 05 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ)ਕਈ ਦਿਨਾਂ ਦੇ ਗਰਮੀ ਦੇ ਕਹਿਰ ਤੋਂ ਪੰਜਾਬ ‘ਚ ਬਾਰਸ਼ ਹੋਣ ਨਾਲ ਕੁਝ ਹੱਦ ਤੱਕ ਰਾਹਤ ਮਿਲੀ ਹੈ। ਐਤਵਾਰ ਰਾਤ ਨੂੰ ਜਲੰਧਰ, ਅੰਮ੍ਰਿਤਸਰ, ਮੋਗਾ, ਲੁਧਿਆਣਾ, ਮਾਨਸਾ, ਬਠਿੰਡਾ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਹੈ। ਇਸ ਦੇ ਨਾਲ ਹੀ ਕਈਂ ਜ਼ਿਲ੍ਹਿਆਂ ਦੀਆਂ ਸੜਕਾਂ ਮੀਂਹ ਨਾਲ ਭਰ ਗਈਆਂ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਯਾਨੀ 8 ਜੁਲਾਈ ਤੱਕ ਤੇਜ਼ ਹਵਾਵਾਂ ਨਾਲ ਬਾਰਸ਼ ਹੋ ਸਕਦੀ ਹੈ।

ਦੂਜੇ ਪਾਸੇ ਤੇਜ਼ ਹਵਾਵਾਂ ਨਾਲ ਹੋਈ ਬਾਰਸ਼ ਕਾਰਨ ਅੰਮ੍ਰਿਤਸਰ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਇੱਕ ਘਰ ਦੀ ਕੰਧ ਢਹਿ ਗਈ। ਪਿਛਲੇ ਦਿਨੀਂ ਬਠਿੰਡਾ ਵਿੱਚ 2 ਲੋਕਾਂ ਦੀ ਗਰਮੀ ਨਾਲ ਮੌਤ ਹੋ ਗਈ ਸੀ। ਬਠਿੰਡਾ ਸ਼ਨੀਵਾਰ ਨੂੰ ਸਭ ਤੋਂ ਗਰਮ ਜ਼ਿਲ੍ਹਾ ਸੀ। ਇੱਥੇ ਦਿਨ ਦਾ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ 6 ਜੁਲਾਈ ਤੱਕ ਸੂਬੇ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। 7 ਤੇ 8 ਜੁਲਾਈ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵੀ ਘੱਟ ਹੋਵੇਗਾ। ਇਸ ਦੌਰਾਨ ਸ਼ਨੀਵਾਰ ਨੂੰ ਹਿਮਾਚਲ ਵਿੱਚ ਵੀ ਕੁਝ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ। ਇਥੇ ਵੀ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।

ਗੁਜਰਾਤ ਦੇ ਕੱਛ, ਸੌਰਾਸ਼ਟਰ, ਕੋਂਕਣ-ਗੋਆ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਉੜੀਸਾ ਅਤੇ ਵਿਦਰਭ ਵਿੱਚ ਭਾਰੀ ਬਾਰਸ਼ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਨਿੱਜੀ ਏਜੰਸੀ ਸਕਾਈਮੇਟ ਅਨੁਸਾਰ ਗੁਜਰਾਤ ਦੇ ਸੌਰਾਸ਼ਟਰ ਅਤੇ ਇਸ ਦੇ ਨਾਲ ਲੱਗਦੇ ਅਰਬ ਸਾਗਰ ਵਿੱਚ 6 ਤੋਂ 8 ਜੁਲਾਈ ਤੱਕ ਮਾਨਸੂਨ ਦੀ ਤਣਾਅ ਆ ਸਕਦੀ ਹੈ।

NO COMMENTS