*ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਪੰਜਾਬ ਸਮੇਤ ਹਰਿਆਣਾ, ਯੂਪੀ ’ਚ ਝੱਖੜ ਝੁੱਲਣ ਤੇ ਮੀਂਹ ਪੈਣ ਦੇ ਆਸਾਰ*

0
229

ਚੰਡੀਗੜ੍ਹ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ਤਾਉਤੇ ਤੇ ਯਾਸ ਤੂਫ਼ਾਨਾਂ ਕਾਰਨ ਪੱਛਮੀ ਬੰਗਾਲ, ਓਡੀਸ਼ਾ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ’ਚ ਲੋਕਾਂ ਨੂੰ ਤਬਾਹੀ ਝੱਲਣੀ ਪਈ। ਉੱਧਰ ਦੇਸ਼ ਦੇ ਜ਼ਿਆਦਾਤਰ ਰਾਜਾਂ ਨੂੰ ਕਹਿਰਾਂ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ ’ਚ ਤਿੰਨ ਦਿਨ ਝੱਖੜ ਝੁੱਲਣ ਤੇ ਮੀਂਹ ਪੈਣ ਦਾ ਪੂਰਵ-ਅਨੁਮਾਨ ਜਾਰੀ ਕੀਤਾ ਹੈ। ਅਜਿਹਾ ਮੌਸਮ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਹੋਰ ਲਾਗਲੇ ਰਾਜਾਂ ਵਿੱਚ ਵੀ ਰਹਿ ਸਕਦਾ ਹੈ।

ਬੀਤੇ ਦਿਨ ਵੀ ਰਾਜਧਾਨੀ ਲਾਗਲੇ ਜ਼ਿਆਦਾਤਰ ਰਾਜਾਂ ਵਿੱਚ ਹਨੇਰੀ ਨਾਲ ਬੂੰਦਾ-ਬਾਂਦੀ ਦਰਜ ਕੀਤੀ ਗਈ ਹੈ। ਅੱਜ ਤੇ ਕੱਲ੍ਹ ਵੀ ਬੱਦਲ ਛਾਏ ਰਹਿਣਗੇ।  30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ‘ਯੈਲੋ ਅਲਰਟ’ ਵੀ ਜਾਰੀ ਕੀਤਾ ਗਿਆ ਹੈ।

ਪਾਕਿਸਤਾਨ ਵੱਲੋਂ ਪੱਛਮੀ ਗੜਬੜੀ ਸਰਗਰਮ ਹੈ; ਜਦਕਿ ਉੱਤਰ-ਪੱਛਮੀ ਰਾਜਸਥਾਨ ਤੇ ਉਸ ਨਾਲ ਲੱਗਦੇ ਪੰਜਾਬ ਉੱਤੇ ਵੀ ਚੱਕਰਵਾਤੀ ਖੇਤਰ ਬਣਿਆ ਹੋਇਆ ਹੈ। ਪੰਜਾਬ ਵਿੱਚ ਪੁਰਾ (ਪੂਰਬ ਦਿਸ਼ਾ ਤੋਂ ਆਉਣ ਵਾਲੀ ਹਵਾ, ਜੋ ਮੀਂਹ ਲਿਆਉਂਦੀ ਹੈ) ਚੱਲ ਰਿਹਾ ਹੈ; ਇਸ ਕਾਰਣ ਹਵਾ ਵਿੱਚ ਨਮੀ ਦੀ ਮਾਤਰਾ ਵਧਦੀ ਜਾ ਰਹੀ ਹੈ ਤੇ ਉਸ ਕਾਰਨ ਘਬਰਾਹਟ ਵਾਲਾ ਮਾਹੌਲ ਬਣਿਆ ਹੋਇਆ ਹੈ।

ਉਂਝ ਅਜਿਹੇ ਦਬਾਅ ਕਾਰਨ ਬੱਦਲ ਬਣਨ ਵਿੱਚ ਮਦਦ ਮਿਲੇਗੀ। ਮੌਸਮ ਦੀ ਇਸ ਤਬਦੀਲੀ ਦਾ ਅਸਰ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦਸ਼ ਤੇ ਰਾਜਸਥਾਨ ਤੱਕ ਇੱਕੋ ਜਿਹਾ ਵੇਖਣ ਨੂੰ ਮਿਲ ਸਕਦਾ ਹੈ।

‘ਸਕਾਈਮੈੱਟ ਵੈਦਰ’ ਨੇ ਮੌਸਮ ਦੇ ਇਸ ਬਦਲੇ ਮਿਜ਼ਾਜ ਨੂੰ ਸਮੁੱਚੇ ਉੱਤਰੀ ਭਾਰਤ ’ਚ ਪ੍ਰੀ–ਮੌਨਸੂਨ ਗਤੀਵਿਧੀ ਕਰਾਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੱਕ ਰੋਜ਼ਾਨਾ ਬੱਦਲ ਛਾਏ ਰਹਿਣਗੇ। ਤੇਜ਼ ਝੱਖੜ ਝੁੱਲਣ ਦੇ ਨਾਲ ਹਲਕੀ ਵਰਖਾ ਵੀ ਹੋ ਸਕਦੀ ਹੈ। ‘ਸਕਾਈਮੈੱਟ ਵੈਦਰ’ ਦੇ ਵਾਈਸ ਚੇਅਰਮੈਨ ਮਹੇਸ਼ ਪਲਾਵਤ ਨੇ ਦੱਸਿਆ ਕਿ ਸਮੁੱਚੇ ਉੱਤਰ-ਪੱਛਮੀ ਭਾਰਤ ਵਿੱਚ ਹੀ ਪ੍ਰੀ-ਮੌਨਸੂਨ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।

ਉੱਧਰ ਕੇਰਲ ’ਚ ਮੌਨਸੂਨ ਦੀ ਆਮਦ ਦੇਰੀ ਨਾਲ ਹੋਣ ਦਾ ਪੂਰਵ-ਅਨੁਮਾਨ ਮੌਸਮ ਵਿਭਾਗ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ। ਇੰਝ ਦਿੱਲੀ ਵਿੱਚ ਵੀ ਮੌਨਸੂਨ ਦੀ ਆਮਦ ਦੇਰੀ ਨਾਲ ਹੀ ਹੋਵੇਗੀ। ਆਮ ਤੌਰ ਉੱਤੇ ਰਾਸ਼ਟਰੀ ਰਾਜਧਾਨੀ ਖੇਤਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਜਿਹੇ ਇਲਾਕਿਆਂ ਵਿੱਚ 27 ਤੋਂ 28 ਜੂਨ ਨੂੰ ਮੌਨਸੂਨ ਆ ਜਾਂਦੀ ਹੈ ਪਰ ਇਸ ਵਾਰ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਹੀ ਮੌਨਸੂਨ ਦੀ ਆਮਦ ਹੋ ਸਕੇਗੀ।

ਮੌਨਸੂਨ ਤੋਂ ਐਨ ਪਹਿਲਾਂ ਤੂਫ਼ਾਨ ਕਾਰਣ ਤਟੀ ਇਲਾਕਿਆਂ ਵਿੱਚ ਹੋਈ ਭਾਰੀ ਵਰਖਾ ਨੇ ਵੀ ਮੌਨਸੂਨ ਦੀ ਆਮਦ ਵਿੱਚ ਦੇਰੀ ਦੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ।

NO COMMENTS