*ਮੌਸਮ ਵਿਭਾਗ ਦਾ ਯੈਲੋ ਅਲਰਟ! ਅਗਲੇ ਦੋ ਦਿਨ ਫਿਰ ਵਰ੍ਹੇਗਾ ਪੰਜਾਬ ‘ਚ ਮੀਂਹ*

0
119

(ਸਾਰਾ ਯਹਾਂ/ਬਿਊਰੋ ਨਿਊਜ਼ )   ਪੰਜਾਬ ਅੰਦਰ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਨਿੱਤ ਨਵੀਂ ਕਰਵਟ ਲੈ ਰਿਹਾ ਹੈ। ਇਸ ਦਾ ਸਿੱਧਾ ਅਸਰ ਫਸਲਾਂ ‘ਤੇ ਪੈ ਰਿਹਾ ਹੈ। ਤੇਜ਼ ਮੀਂਹ ਤੇ 40 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸੂਰਜ ਖਿੜੇਗਾ, ਪਰ ਅਗਲੇ ਦੋ ਦਿਨਾਂ ਤੱਕ ਮੁੜ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਲਰਟ ਮਗਰੋਂ ਕਿਸਾਨਾਂ ਦਾ ਸਾਹ ਸੂਤੇ ਗਏ ਹਨ।

ਮੌਸਮ ਵਿਭਾਗ ਵੱਲੋਂ ਸਵੇਰੇ ਜਾਰੀ ਕੀਤੇ ਗਏ ਤਾਪਮਾਨ ਮੁਤਾਬਕ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 1 ਡਿਗਰੀ ਹੇਠਾਂ ਆ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪਿਆ। ਪੰਜਾਬ ਦੇ ਹੁਸ਼ਿਆਰਪੁਰ ਵਿੱਚ 14.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 2.8 ਮਿਲੀਮੀਟਰ, ਲੁਧਿਆਣਾ ਵਿੱਚ 7.8 ਮਿਲੀਮੀਟਰ ਤੇ ਜਲੰਧਰ ਵਿੱਚ 7.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂਕਿ ਗੁਰਦਾਸਪੁਰ ਵਿੱਚ ਸਵੇਰ ਦਾ ਘੱਟੋ-ਘੱਟ ਤਾਪਮਾਨ 11.3 ਡਿਗਰੀ ਤੇ 5.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਐਤਵਾਰ ਨੂੰ ਮੀਂਹ ਤੋਂ ਰਾਹਤ ਮਿਲੇਗੀ। ਅੱਜ ਚੰਗੀ ਧੁੱਪ ਨਿਕਲੇਗੀ, ਪਰ ਸੋਮਵਾਰ ਤੋਂ ਮੌਸਮ ਵਿੱਚ ਫੇਰ ਬਦਲਾਅ ਹੋਵੇਗਾ। ਪੰਜਾਬ ‘ਚ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ‘ਚ ਬਾਰਸ਼ ਦੇ ਨਾਲ-ਨਾਲ 30 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਦੂਜੇ ਪਾਸੇ ਮੰਗਲਵਾਰ ਨੂੰ ਵੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ‘ਚ ਗਰਮੀਆਂ ‘ਚ ਦੇਰੀ ਹੋ ਰਹੀ ਹੈ। ਜਦੋਂ ਵੀ ਗਰਮੀ ਵਧਣ ਲੱਗਦੀ ਹੈ, ਬਾਰਸ਼ ਦੁਬਾਰਾ ਤਾਪਮਾਨ ਨੂੰ ਹੇਠਾਂ ਲੈ ਆਂਦੀ ਹੈ। ਇਹ ਮੀਂਹ ਪੰਜਾਬ ਵਿੱਚ ਜਨਵਰੀ ਤੇ ਫਰਵਰੀ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਨੂੰ ਫ਼ਸਲਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਪਰ ਹੁਣ ਪੈਦਾ ਹੋਏ ਹਾਲਾਤ ਕਾਰਨ ਪੰਜਾਬ ਦੀ ਪੈਦਾਵਾਰ ਵਿੱਚ ਕਾਫ਼ੀ ਕਮੀ ਆਉਣ ਦੀ ਸੰਭਾਵਨਾ ਹੈ।

NO COMMENTS