08,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਅੱਜ ਯਾਨੀ ਐਤਵਾਰ ਨੂੰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ। ਇਸ ਤੂਫਾਨ ਨੂੰ ਅਸਾਨੀ ਦਾ ਨਾਂ ਦਿੱਤਾ ਗਿਆ ਹੈ। ਇਸ ਸਾਲ ਪ੍ਰੀ-ਮਾਨਸੂਨ ਸੀਜ਼ਨ ‘ਚ ਬਣਨ ਵਾਲਾ ਇਹ ਪਹਿਲਾ ਤੂਫਾਨ ਹੈ। ਪੂਰਬੀ-ਮੱਧ ਬੰਗਾਲ ਦੀ ਖਾੜੀ ‘ਤੇ ਚੱਕਰਵਾਤੀ ਤੂਫਾਨ ਵਿੱਚ ਤੀਬਰ ਹੋਣ ਤੇ ਉੱਤਰ-ਪੂਰਬ ਵੱਲ ਵਧਣ ਤੇ 10 ਮਈ ਤੱਕ ਉੱਤਰੀ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਭਾਵੇਂ ਇਸ ਵਾਰ ਮਾਰਚ ਮਹੀਨੇ ਵਿੱਚ ਦੋ ਵਾਰ ਘੱਟ ਦਬਾਅ ਵਾਲਾ ਖੇਤਰ ਬਣਿਆ ਪਰ ਇੱਕ ਵੀ ਚੱਕਰਵਾਤੀ ਤੂਫ਼ਾਨ ਵਿੱਚ ਨਹੀਂ ਬਦਲ ਸਕਿਆ। ਘੱਟ ਦਬਾਅ ਵਾਲੇ ਖੇਤਰ ਕਾਰਨ ਅੰਡੇਮਾਨ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ ਪਰ ਹੁਣ ਇਸ ਤੂਫਾਨ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੀਆਂ ਗਤੀਵਿਧੀਆਂ ਵਧਣਗੀਆਂ।
ਮੌਸਮ ਵਿਭਾਗ ਮੁਤਾਬਕ 10 ਮਈ ਦੀ ਸ਼ਾਮ ਨੂੰ ਇਸ ਦਾ ਰਸਤਾ ਬਦਲ ਜਾਵੇਗਾ। ਯਾਨੀ ਵਿਸ਼ਾਖਾਪਟਨਮ ਦੇ ਨੇੜੇ ਆ ਕੇ ਇਹ ਤੂਫਾਨ ਉੱਤਰ-ਪੂਰਬ ਦੀ ਦਿਸ਼ਾ ਵੱਲ ਵਧੇਗਾ। ਇਹ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ। ਰਾਹਤ ਦੀ ਗੱਲ ਇਹ ਹੈ ਕਿ ਇਹ ਤੂਫਾਨ ਭਾਰਤ ਦੇ ਤੱਟ ‘ਤੇ ਸਿੱਧਾ ਲੈਂਡਫਾਲ ਨਹੀਂ ਕਰ ਰਿਹਾ ਹੈ ਪਰ ਫਿਰ ਵੀ ਹਵਾ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਰਹੇਗੀ।
8 ਮਈ ਦੀ ਸ਼ਾਮ ਨੂੰ ਹਵਾ ਦੀ ਰਫ਼ਤਾਰ 80-90 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਪਰ 9 ਮਈ ਨੂੰ ਤੂਫਾਨ ਦੀ ਰਫਤਾਰ 125 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਯਾਨੀ ਜੇਕਰ ਸਾਵਧਾਨੀ ਨਾ ਵਰਤੀ ਗਈ ਤਾਂ ਵੱਡੇ ਪੱਧਰ ‘ਤੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। 12 ਮਈ ਨੂੰ ਬੰਗਾਲ ਦੇ ਤੱਟੀ ਖੇਤਰਾਂ ਵਿੱਚ ਹਵਾ ਦੀ ਰਫ਼ਤਾਰ 80-90 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।
8 ਮਈ ਤੋਂ ਤੱਟਵਰਤੀ ਉੜੀਸਾ ਅਤੇ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਬਾਅਦ 10 ਮਈ ਨੂੰ ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। 11-12 ਮਈ ਨੂੰ ਉੱਤਰੀ ਬੰਗਾਲ, ਬਿਹਾਰ ਤੇ ਝਾਰਝੰਡ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਨਾਲ ਹੀ, ਉੱਤਰ-ਪੂਰਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ।