ਮੌਸਮ ਵਿਭਾਗ ਦਾ ਅਲਰਟ! ਪੰਜਾਬ, ਹਰਿਆਣਾ, ਦਿੱਲੀ ਸਣੇ ਉੱਤਰੀ ਭਾਰਤ ’ਚ ਵਿਗੜੇਗਾ ਮੌਸਮ, ਮੀਂਹ ਤੇ ਗੜੇਮਾਰੀ ਦੀ ਚੇਤਾਵਨੀ

0
180

ਨਵੀਂ ਦਿੱਲੀ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੇ ਕਈ ਸੂਬਿਆਂ ’ਚ ਮੌਸਮ (Weather) ਇਸ ਵੇਲੇ ਮੁੜ ਖ਼ਰਾਬ ਹੋ ਰਿਹਾ ਹੈ। ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਮੀਂਹ (Rain in Punjab-Haryana) ਪਿਆ ਹੈ। ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਹੋਈ ਹੈ। ਇਸ ਵਰ੍ਹੇ ਫ਼ਰਵਰੀ ਮਹੀਨੇ ’ਚ ਵੀ ਸਖ਼ਤ ਠੰਢ ਪੈ ਰਹੀ ਹੈ। ਭਾਰਤ ਦੇ ਉੱਤਰੀ ਤੇ ਮੱਧੱ ਇਲਾਕਿਆਂ ਵਿੱਚ ਵੀ ਇਸ ਵੇਲੇ ਠੰਢ ਪੈ ਰਹੀ ਹੈ। ਹਿਮਾਲਾ ਪਰਬਤਾਂ ਦੇ ਪਹਾੜਾਂ ਉੱਤੇ ਵੀ ਬਰਫ਼ਬਾਰੀ ਦਾ ਦੌਰ ਜਾਰੀ ਹੈ। ਦੇਸ਼ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕ ਅਗਲੇ 24 ਘੰਟਿਆਂ ’ਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਲੱਦਾਖ ’ਚ ਭਾਰੀ ਮੀਂਹ ਪੈ ਸਕਦਾ ਹੈ ਤੇ ਬਰਫ਼ਬਾਰੀ ਹੋ ਸਕਦੀ ਹੈ। ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਕੱਲ੍ਹ ਵੀਰਵਾਰ ਨੂੰ ਭਾਰੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਅਨੁਮਾਨ ਲਾਇਆ ਹੈ। ਵਿਭਾਗ ਨੇ ਖ਼ਰਾਬ ਮੌਸਮ ਲਈ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਕੁਝ ਦਿਨ ਇੰਝ ਹੀ ਮੌਸਮ ਖ਼ਰਾਬ ਰਹਿ ਸਕਦਾ ਹੈ।

ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਦੇ ਵੱਖੋ-ਵੱਖਰੇ ਡਿਵੀਜ਼ਨਾਂ ਵਿੱਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੂਰਬੀ ਅਫ਼ਗ਼ਾਨਿਸਤਾਨ ਤੇ ਉਸ ਦੇ ਨਾਲ ਲੱਗਦੇ ਪਾਕਿਸਤਾਨ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਨੇ ਜ਼ੋਰ ਫੜ ਲਿਆ ਹੈ। ਉਸੇ ਕਾਰਣ ਉੱਤਰ ਪ੍ਰਦੇਸ਼ ਦੇ ਮੌਸਮ ਉੱਤੇ ਅਸਰ ਪੈ ਰਿਹਾ ਹੈ।

NO COMMENTS