ਇੱਕ ਵਾਰ ਫਿਰ ਤੋਂ ਦੇਸ਼ ਵਿੱਚ ਮੌਨਸੂਨ ਆਪਣੀ ਰਫ਼ਤਾਰ ਫੜਨ ਵਾਲੀ ਹੈ। ਪਹਿਲਾਂ ਪਏ ਮੀਂਹਾਂ ਦੌਰਾਨ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਜਿਹੇ ਪਹਾੜੀ ਰਾਜਾ ਵਿੱਚ ਪਹਿਲਾਂ ਹੀ ਜ਼ਮੀਨਾਂ ਖਿਸਕਣ ਤੇ ਢਿੱਗਾਂ ਡਿੱਗਣ ਦੀਆ ਕਈ ਘਾਤਕ ਘਟਨਾਵਾਂ ਵਾਪਰ ਚੁੱਕੀਆਂ ਹਨ। ਉਤਰਾਖੰਡ ਵਿੱਚ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਕਈ ਰਾਜਾਂ ਵਿੱਚ 3-4 ਦਿਨ ਤਕ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ।
ਦੱਸ ਦਈਏ ਕਿ ਪਿਛਲੇ 2-3 ਹਫਤਿਆਂ ਦੌਰਾਨ ਉੱਤਰਾਖੰਡ ਤੇ ਉੱਤਰ-ਪੱਛਮੀ ਭਾਰਤ ਵਿੱਚ ਤਕਰੀਬਨ 61 ਫ਼ੀ ਸਦੀ ਮੀਂਹ ਪਿਆ ਹੈ। ਹੁਣ ਦੋਬਾਰਾ ਪਹਾੜੀ ਇਲਾਕਿਆਂ ਵਿੱਚ ਅੱਜ ਤੋਂ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਵੇਗਾ। ਇਸੇ ਲਈ ਪਹਿਲਾਂ ਹੀ ਆਮ ਲੋਕਾਂ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਤੋਂ ਬਚਣ ਲਈ ਸਾਵਧਾਨ ਕੀਤਾ ਜਾ ਰਿਹਾ ਹੈ।
ਹੁਣ ਅਗਲੇ ਪੰਜ ਦਿਨ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਮੌਸਮ ਵਿਭਾਗ ਨੇ ਪੂਰੇ ਉਤਰਾਖੰਡ ਵਿੱਚ ਔਰੈਂਜ ਅਲਰਟ ਜਾਰੀ ਕੀਤਾ ਹੈ। ਇਹ ਚੇਤਾਵਨੀ 3 ਅਗਸਤ ਤੱਕ ਜਾਰੀ ਰਹੇਗੀ। ਅਜਿਹੀ ਸਥਿਤੀ ਵਿੱਚ, ਦੇਸ਼ ਦੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਪਹਿਲਾਂ ਬਾਰਸ਼ ਚੰਗੀ ਨਹੀਂ ਹੋਈ ਹੈ ਹੁਣ ਉੱਥੇ ਵੀ ਮੀਂਹ ਪੈ ਸਕਦਾ ਹੈ।
ਅੱਜ ਤੋਂ ਸਨਿੱਚਰਵਾਰ ਤੱਕ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵੱਖ -ਵੱਖ ਥਾਵਾਂ ‘ਤੇ ਭਾਰੀ ਮੀਂਹ ਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਵਾਸਤਵ ਵਿੱਚ, ਮੌਸਮ ਦੇ ਹਾਲਾਤ ਵਿੱਚ ਤਬਦੀਲੀ ਦਾ ਮੁੱਖ ਕਾਰਨ ਮੌਨਸੂਨ ਦੇ ਰੁਝਾਨ ਦੇ ਪੱਛਮੀ ਸਿਰੇ ਤੋਂ ਦੱਖਣ ਵੱਲ ਤਬਦੀਲੀ ਨੂੰ ਮੰਨਿਆ ਗਿਆ ਹੈ।
ਇਸ ਤੋਂ ਇਲਾਵਾ, ਝਾਰਖੰਡ ਤੇ ਉੱਤਰੀ ਛੱਤੀਸਗੜ੍ਹ ਵਿੱਚ ਵੀਰਵਾਰ ਸਵੇਰੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਤੇ ਇਸ ਸਿਸਟਮ ਦੇ ਅਗਲੇ ਕੁਝ ਦਿਨਾਂ ਵਿੱਚ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼, ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਤੇ ਐਤਵਾਰ ਨੂੰ ਰਾਜਸਥਾਨ ਪਹੁੰਚਣ ਦੀ ਸੰਭਾਵਨਾ ਹੈ। ਘੱਟ ਦਬਾਅ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, 1 ਜੂਨ ਤੋਂ 18 ਅਗਸਤ ਤੱਕ ਉੱਤਰ-ਪੱਛਮੀ ਖੇਤਰ ਵਿੱਚ ਜੁਲਾਈ ਵਿੱਚ ਸਰਗਰਮ ਮਾਨਸੂਨ ਦੇ ਬਾਵਜੂਦ ਬਾਰਸ਼ ਵਿੱਚ ਲਗਪਗ 10 ਪ੍ਰਤੀਸ਼ਤ ਦੀ ਕਮੀ ਵੇਖੀ ਗਈ ਹੈ।