*ਮੌਸਮ ਦਾ ਬਦਲਿਆ ਮਿਜਾਜ਼, ਜਾਣੋ ਕਿੱਥੇ-ਕਿੱਥੇ ਪਵੇਗਾ ਮੀਂਹ*

0
166

ਨਵੀਂ ਦਿੱਲੀ 09 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਮੌਸਮ ਵਿੱਚ ਇੱਕ ਵਾਰ ਮੁੜ ਤੋਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਜੰਮੂ-ਕਸ਼ਮੀਰ ਦੇ ਉੱਪਰ ਪੱਛਮੀ ਹਲਚਲ (Western Disturbance) ਤੇ ਰਾਜਸਥਾਨ ਉੱਪਰ ਚੱਕਰਵਾਤੀ ਹਵਾਵਾਂ ਹਨ। ਇਸ ਮੌਸਮੀ ਹਲਚਲ ਕਾਰਨ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਹੈ। ਅੱਗੇ ਵੀ ਮੌਸਮੀ ਤਬਦੀਲੀਆਂ ਜਾਰੀ ਰਹਿਣ ਦੇ ਆਸਾਰ ਹਨ।

ਮੌਸਮ ਵਿਭਾਗ ਮੁਤਾਬਕ, ਦਿੱਲੀ ਵਿੱਚ ਅੱਜ ਮੌਸਮ ਸਾਫ ਰਹੇਗਾ ਪਰ ਭਲਕ ਯਾਨੀ ਕਿ 10 ਮਈ ਨੂੰ ਹਲਕਾ ਮੀਂਹ ਪੈ ਸਕਦਾ ਹੈ। 13 ਮਈ ਤੱਕ ਗਰਜ-ਚਮਕ ਨਾਲ ਹਲਕੀ ਬਰਸਾਤ ਦੀ ਪੇਸ਼ੀਨਗੋਈ ਹੈ। ਪੱਛਮੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ 10 ਮਈ ਤੋਂ ਬਾਅਦ ਤਿੰਨ-ਚਾਰ ਦਿਨ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਤਾਪਮਾਨ ਵਿੱਚ ਕਾਫੀ ਗਿਰਾਵਟ ਹੋਵੇਗੀ।

ਉੱਧਰ, ਸਕਾਈਮੈੱਟ ਵੈਦਰ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਵਗਣ ਦੇ ਨਾਲ-ਨਾਲ ਕਣੀਆਂ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨੇਰੀ ਤੇ ਬੱਦਲਵਾਈ ਮੌਜੂਦ ਰਹੀ ਸੀ ਜੋ ਅੱਗੇ ਵੀ ਮੌਜੂਦ ਰਹੇਗੀ।

ਪੰਜਾਬ ਤੋਂ ਇਲਾਵਾ ਪੱਛਮੀ ਬੰਗਾਲ, ਸਿੱਕਿਮ, ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਝਾਰਖੰਡ, ਛੱਤੀਸਗੜ੍ਹ, ਤਮਿਲਨਾਡੂ, ਓੜੀਸ਼ਾ ਤੇ ਸਮੁੰਦਰ ਨਾਲ ਲੱਗਦੇ ਕਰਨਾਟਕ ਤੇ ਲਕਸ਼ਦੀਪ ਟਾਪੂ ਆਦਿ ਥਾਵਾਂ ‘ਤੇ ਵੀ ਹਲਕੀ ਬਰਸਾਤ ਦੀ ਸੰਭਾਵਨਾ ਹੈ। 

NO COMMENTS