ਮਾਨਸਾ, 03 ਮਈ (ਸਾਰਾ ਯਹਾਂ/ ਜੋਨੀ ਜਿੰਦਲ) : ਜਿਲ੍ਹਾ ਮਾਨਸਾ ਦੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰੋਜੈਕਟ ਮਾਨਸਵਣ ਤਹਿਤ ਮਗਨਰੇਗਾ ਸਕੀਮ ਅਧੀਨ ਪਿੰਡਾਂ ਵਿੱਚ ਵਿੱਤੀ ਵਰੇ੍ਹ 2022-23 ਦੌਰਾਨ ਜੰਗਲ ਦੇ ਰੂਪ ਵਿਚ 93 ਹਜ਼ਾਰ 600 ਪੌਦੇ ਲਗਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਵਿਚ ਮੁੱਖ ਤੋਰ ’ਤੇ ਮੀਆਂਵਾਕੀ ਤਕਨੀਕ ਅਤੇ ਬਲਾਕ ਪਲਾਂਟੇਸ਼ਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਗਭਗ 45 ਏਕੜ ਰਕਬਾ ਪਲਾਂਟੇਸ਼ਨ ਅਧੀਨ ਕਵਰ ਕੀਤਾ ਗਿਆ ਹੈ। ਇਹ ਪੌਦੇ ਪਿੰਡਾਂ ਵਿੱਚ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜਮੀਨਾਂ ਅਤੇ ਵੱਖ-ਵੱਖ ਸਾਂਝੀਆਂ ਥਾਵਾਂ ਉੱਪਰ ਲਗਾਏ ਗਏ ਹਨ। ਇਹ ਪੌਦੇ ਪਿੰਡਾਂ ਵਿੱਚ ਹਰਿਆਲੀ ਵਧਾਉਣ ਲਈ ਸਹਾਈ ਸਿੱਧ ਹੋਣਗੇ।
ਉਨ੍ਹਾਂ ਦੱਸਿਆ ਕਿ ਇਹ ਪੌਦੇ ਮਗਨਰੇਗਾ ਸਕੀਮ ਅਧੀਨ ਲਗਾਏ ਗਏ ਹਨ ਅਤੇ ਇੰਨ੍ਹਾਂ ਦੀ ਸਾਂਭ ਸੰਭਾਲ ਵੀ ਮਗਨਰੇਗਾ ਸਕੀਮ ਅਧੀਨ ਵਣ ਮਿੱਤਰ ਲਗਾ ਕੇ ਕੀਤੀ ਜਾਵੇਗੀ, ਜਿਸ ਨਾਲ ਮਗਨਰੇਗਾ ਲੇਬਰ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਵਿੱਤੀ ਸਾਲ 2023-24 ਦੋਰਾਨ ਸਮੂਹ ਬਲਾਕਾਂ ਨੂੰ ਲਗਭਗ 1 ਲੱਖ ਪੌਦੇ ਪਿੰਡਾਂ ਵਿੱਚ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਪਿੰਡਾਂ ਵਿੱਚ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਮਗਨਰੇਗਾ ਲੇਬਰ ਨੂੰ ਲਗਾਤਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਪੌਦਿਆਂ ਅਧੀਨ ਰਕਬੇ ਨੂੰ ਵਧਾਇਆ ਜਾ ਰਿਹਾ ਹੈ, ਤਾਂ ਜੋ ਪਿੰਡ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।