*ਮੋਫਰ ਦੀ ਟਿਕਟ ਕੱਟੇ ਜਾਣ ਤੇ ਵਰਕਰਾਂ ਦਾ ਛਲਕਿਆ ਦਰਦ, ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਬੁਲਾਏ ਗਏ ਇੱਕਠ ਵਿੱਚ ਮੋਫਰ ਦੇ ਸਮਰਥਕਾਂ ਨੇ ਹਾਈ-ਕਮਾਂਡ ਨੂੰ ਕੋਸਿਆ*

0
229

ਮਾਨਸਾ 27 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਲੋਕ ਸਭਾ ਚੋਣਾਂ ਲਈ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਰੱਖਣ ਵਾਲੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲਣ ਦਾ ਸਵਾਗਤ ਕਰਦਿਆਂ ਕਾਂਗਰਸ ਹਾਈ-ਕਮਾਂਡ ਪ੍ਰਤੀ ਆਪਣੀ ਹਲਕੀ ਨਰਾਜਗੀ ਪ੍ਰਗਟਾਈ ਹੈ। ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਦੇ ਹੱਕ ਵਿੱਚ ਆਪਣੇ ਨਿਵਾਸ ਸਥਾਨ ਪਿੰਡ ਮੋਫਰ ਵਿਖੇ ਬੁਲਾਏ ਗਏ ਇੱਕਠ ਵਿੱਚ ਸਾਬਕਾ ਵਿਧਇਕ ਅਜੀਤਇੰਦਰ ਸਿੰਘ ਮੋਫਰ ਨੇ ਆਪਣੇ 2000 ਦੇ ਕਰੀਬ ਸਮਰਥਕਾਂ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੱਡੀ ਜਿੱਤ ਦਿਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲਣ ਤੇ ਉਨ੍ਹਾਂ ਨੂੰ ਕੋਈ ਰੋਸਾ ਨਹੀਂ। ਪਰ ਇਨ੍ਹਾ ਗੁੱਸਾ ਜਰੂਰ ਹੈ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹਾਈ-ਕਮਾਂਡ ਨੇ ਇੱਕ ਵਾਰ ਵੀ ਫੋਨ ਜਾਂ ਸੁਨੇਹੇ ਰਾਹੀਂ ਇਹ ਨਹੀਂ ਕਿਹਾ ਕਿ ਉਹ ਪਾਰਟੀ ਉਮੀਦਵਾਰ ਜੀਤ ਮਹਿੰਦਰ ਸਿੰਘ ਦਾ ਡਟ ਕੇ ਸਾਥ ਦੇਣ।

ਮੋਫਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਉਹ ਆਪਣੀ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਜਿੱਤ ਲਈ ਹਰ ਵਾਹ ਲਾ ਦੇਣਗੇ। ਪਰ ਜੇਕਰ ਪਾਰਟੀ ਹਾਈ-ਕਮਾਂਡ ਵੀ ਥੌੜ੍ਹਾ ਜਿਹਾ ਕਹਿ ਦਿੰਦੀ ਤਾਂ ਉਨ੍ਹਾਂ ਦਾ ਮਨ ਖੁਸ਼ ਹੋ ਜਾਂਦਾ ਕਿ ਪਾਰਟੀ ਹਾਈ-ਕਮਾਂਡ ਨੇ ਉਨ੍ਹਾਂ ਨੂੰ ਵੀ ਅਹਿਮੀਅਤ ਦਿੱਤੀ ਹੈ। ਮੋਫਰ ਨੇ ਕਿਹਾ ਕਿ ਟਿਕਟ ਮੰਗਣਾ ਬੇਸ਼ੱਕ ਹਰ ਇੱਕ ਦਾ ਅਧਿਕਾਰ ਹੈ। ਇਹ ਵੀ ਹੈ ਕਿ ਪਾਰਟੀ ਵੱਲੋਂ ਟਿਕਟ ਇੱਕ ਉਮੀਦਵਾਰ ਨੂੰ ਦਿੱਤੀ ਜਾਂਦੀ ਹੈ। ਪਰ ਪਾਰਟੀ ਵਰਕਰਾਂ, ਨੇਤਾਵਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਹਾਈ-ਕਮਾਂਡ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਆਦੇਸ਼ ਜਾਰੀ ਕਰਕੇ ਹਰ ਇੱਕ ਛੋਟੇ-ਵੱਡੇ ਪਾਰਟੀ ਨੇਤਾ ਨੂੰ ਹੁਕਮ ਦੇਵੇ ਅਤੇ ਜਿਸ ਵਿੱਚੋਂ ਉਸ ਪ੍ਰਤੀ ਅਹਿਮੀਅਤ ਝਲਕੇ। ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਉਨ੍ਹਾਂ ਨੇ ਵੀ ਪਾਰਟੀ ਟਿਕਟ ਲਈ ਪਹਿਲਾਂ ਅਤੇ ਹੁਣ ਵੀ ਅਪਲਾਈ ਕੀਤਾ ਸੀ। ਪਾਰਟੀ ਨੇ ਬੇਸ਼ੱਕ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਉਸ ਦਾ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ। ਪਰ ਇਸ ਪ੍ਰਤੀ ਉਨ੍ਹਾਂ ਦੇ ਸਮਰਥਕਾਂ ਵਿੱਚ ਰੋਸ ਜਰੂਰ ਹੈ। ਇਹ ਰੋਸ ਉਨ੍ਹਾਂ ਦੇ ਸਮਰਥਕਾਂ ਨੇ ਪਿੰਡ ਮੋਫਰ ਵਿਖੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਹਾਜਰੀ ਵਿੱਚ ਬੁਲਾਏ ਗਏ ਵੱਡੇ ਇੱਕਠ ਵਿੱਚ ਜਾਹਿਰ ਕੀਤਾ। ਜੀਤ ਮਹਿੰਦਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਅਜੀਤਇੰਦਰ ਸਿੰਘ ਮੋਫਰ ਉਨ੍ਹਾਂ ਦਾ ਵੱਡਾ ਭਰਾ ਹੈ। ਅਸੀਂ ਦੋਨੋਂ ਭਰਾ ਮਿਲ ਕੇ ਇੱਕ ਤੇ ਇੱਕ 11 ਹੋ ਗਏ ਹਾਂ। ਉਹ ਇਹ ਜੰਗ ਜਿੱਤਣਗੇ। ਇਸ ਮੌਕੇ ਚੇਅਰਮੈਨ ਬਿਕਰਮ ਸਿੰਘ ਮੋਫਰ, ਪ੍ਰਕਾਸ਼ ਚੰਦ ਕੁਲਰੀਆਂ, ਸੱਤਪਾਲ ਵਰਮਾ, ਪੋਲੋਜੀਤ ਸਿੰਘ ਬਾਜੇਵਾਲਾ, ਯੂਥ ਆਗੂ ਲਛਮਣ ਸਿੰਘ ਤੋਂ ਇਲਾਵਾ ਹਲਕੇ ਦੇ ਆਗੂ ਅਤੇ ਵਰਕਰ ਮੌਜੂਦ ਸਨ।

NO COMMENTS