ਮਾਨਸਾ 22 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਕੇਂਦਰ ਵਿੱਚ ਮੋਦੀ ਸਰਕਾਰ ਦੀ ਮੁੜ ਸਥਾਪਨਾ ਹੁੰਦਿਆਂ ਹੀ ਪੰਜਾਬ ਵਿੱਚ ਨਵੇਂ ਉਦਯੋਗ, ਖਾਸ ਕਰਕੇ ਬਠਿੰਡਾ ਖੇਤਰ ਵਿੱਚ ਇੰਡਸਟਰੀ, ਉਦਯੋਗ ਲਗਾਏ ਜਾਣਗੇ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਨਿਵਾਸ ਸਥਾਨ ਤੇ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੀ ਮੌਜੂਦਗੀ ਵਿੱਚ ਕੀਤੀ ਗਈ ਇੱਕ ਵਿਚਾਰ-ਚਰਚਾ ਮੀਟਿੰਗ ਦਾ ਸੰਕੇਤ ਦਿੰਦਿਆਂ ਦੱਸਿਆ ਹੈ ਕਿ ਭਾਜਪਾ ਸਰਕਾਰ ਪੰਜਾਬ ਵਿੱਚ ਆਉਂਦੇ ਸਮੇਂ ਵਿੱਚ ਵੱਡੇ-ਵੱਡੇ ਉਦਯੋਗ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਇੱਕ ਕਾਰੋਬਾਰੀ ਹੱਬ, ਇੰਡਸਟਰੀ ਖੇਤਰ ਬਣਾਉਣ ਤੇ ਵੀ ਵਿਚਾਰਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੁੰਗਾਰੇ ਅਤੇ ਭਾਜਪਾ ਪ੍ਰਤੀ ਝੁਕਾਅ ਨੂੰ ਦੇਖਦਿਆਂ ਕੇਂਦਰ ਵਿੱਚ ਮੁੜ ਮੋਦੀ ਸਰਕਾਰ ਆਉਣ ਦੀ ਪਰਿਪੱਕਤਾ ਦੇ ਮੱਦੇਨਜਰ ਇਹ ਵਿਚਾਰਾਂ ਕੀਤੀਆਂ ਗਈਆਂ ਹਨ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪੰਜਾਬ ਹਰ ਪੱਖੋਂ ਦੂਜੇ ਸੂਬਿਆਂ ਦੇ ਮੁਕਾਬਲੇ ਪੱਛੜ ਕੇ ਰਹਿ ਗਿਆ ਹੈ। ਪਰ ਭਾਜਪਾ ਸਰਕਾਰ ਇਸ ਨਾ ਕੋਈ ਵਿਤਕਰਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਤੀਜੀ ਵਾਰ ਮੋਦੀ ਸਰਕਾਰ ਦੇ ਬਣਦਿਆਂ ਹੀ ਪੰਜਾਬ ਲਈ ਉਦਯੋਗ ਲਗਾਉਣ ਤੇ ਕੰਮ ਸ਼ੁਰੂ ਹੋ ਜਾਵੇਗਾ। ਨਕੱਈ ਨੇ ਕਿਹਾ ਕਿ ਪੰਜਾਬ ਖਾਸ ਕਰਕੇ ਬਠਿੰਡਾ ਖੇਤਰ ਇਸ ਪੱਖੋਂ ਵਾਂਝਾ ਹੈ। ਜਿਸ ਖੇਤਰ ਵਿੱਚ ਬੇਰੁਜਗਾਰੀ ਵੀ ਬਹੁਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਮੋਦੀ ਸਰਕਾਰ ਦੇ ਬਠਿੰਡਾ ਖੇਤਰ ਵਿੱਚ ਪ੍ਰੋਜੈਕਟ ਲੈ ਕੇ ਆਉਣ ਨਾਲ ਜਿੱਥੇ ਬੇਰੁਜਗਾਰੀ ਖਤਮ ਹੋਵੇਗੀ। ਉੱਥੇ ਇਹ ਖੇਤਰ ਤਰੱਕੀ, ਪ੍ਰਗਤੀ ਅਤੇ ਕਾਰੋਬਾਰ ਦੇ ਸਿਖਰਾਂ ਨੂੰ ਛੁਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੰਭਾਵਿਤ ਤੌਰ ਤੇ ਬਣਨ ਵਾਲੀ ਤੀਜੀ ਮੋਦੀ ਸਰਕਾਰ ਬਠਿੰਡਾ ਹੀ ਨਹੀਂ ਪੂਰੇ ਪੰਜਾਬ ਦੀ ਕਾਇਆ ਕਲਪ ਕਰੇਗੀ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੇ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ, ਉਹ ਹਰ ਹੀਲੇ ਪਹਿਲੇ ਪੜਾਅ ਵਿੱਚ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਮੋਦੀ ਸਰਕਾਰ ਦੀ ਤੀਜੇ ਪੜਾਅ ਵਿੱਚ ਪੰਜਾਬ ਦੇਖਣਯੋਗ ਹੋਵੇਗਾ ਅਤੇ ਪੰਜਾਬੀਆਂ ਨੂੰ ਇਸ ਸਰਕਾਰ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਉਲਾਂਭਾ ਨਹੀਂ ਰਹਿ ਜਾਵੇਗਾ। ਨਕੱਈ ਨੇ ਇਹ ਵੀ ਕਿਹਾ ਕਿ ਸਰਕਾਰ ਖੇਤੀ, ਛੋਟੇ-ਵੱਡੇ ਕਾਰੋਬਾਰ, ਸਮਾਲ ਸਕੇਲ ਇੰਡਸਟਰੀ, ਉਚੇਰੀ ਅਤੇ ਮੈਡੀਕਲ ਸਿੱਖਿਆ ਤੋਂ ਇਲਾਵਾ ਛੋਟੇ-ਕਾਰੋਬਾਰਾਂ ਵਿੱਚ ਵੀ ਨਵੇਂ-ਨਵੇਂ ਪ੍ਰੋਜੈਕਟ ਸਥਾਪਿਤ ਕਰੇਗੀ। ਜਿਨ੍ਹਾਂ ਦੀ ਬਦੋਲਤ ਪੰਜਾਬ ਭਾਜਪਾ ਸ਼ਾਸ਼ਕ ਸੂਬਿਆਂ ਦੇ ਮੁਕਾਬਲੇ ਹਰ ਪੱਖੋਂ ਉਨ੍ਹਾਂ ਦੇ ਬਰਾਬਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ, ਲੋਕ ਸਭਾ ਹਲਕਿਆਂ ਵਿੱਚ ਰਹੇ ਹਨ ਅਤੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕੇਂਦਰ ਵਿੱਚ ਬਣਨ ਵਾਲੀ ਮੋਦੀ ਸਰਕਾਰ ਦੀ ਭਵਿੱਖ ਵਿੱਚ ਪੰਜਾਬ ਲਈ ਸਵੱਲੀ ਨਜਰ ਹੋਵੇਗੀ।