ਨਵੀਂ ਦਿੱਲੀ 21,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕੋਰੋਨਾ ਦੀ ਦੂਜੀ ਲਹਿਰ ਜਦੋਂ ਆਪਣੇ ਸਿਖਰ ‘ਤੇ ਸੀ, ਉਦੋਂ ਤੁਸੀਂ ਆਪਣੇ ਮਰੀਜ਼ਾਂ ਨੂੰ ਰੋਂਦੇ ਹੋਏ ਦਰਦਨਾਕ ਤਸਵੀਰਾਂ ਜ਼ਰੂਰ ਵੇਖੀਆਂ ਹੋਣਗੀਆਂ। ਬਹੁਤ ਸਾਰੇ ਲੋਕਾਂ ਦੀ ਮੌਤ ਇਸ ਲਈ ਹੋਈ ਸੀ, ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲੀ ਸੀ ਪਰ ਕੇਂਦਰ ਸਰਕਾਰ ਨੇ ਰਾਜ ਸਭਾ ‘ਚ ਇੱਕ ਲਿਖਤੀ ਜਵਾਬ ‘ਚ ਕਿਹਾ ਹੈ ਕਿ ਆਕਸੀਜਨ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦੇ ਕੇ ਇਹ ਦਾਅਵਾ ਕੀਤਾ ਹੈ।
ਆਕਸੀਜਨ, ਆਕਸੀਜਨ ਤੇ ਸਿਰਫ਼ ਆਕਸੀਜਨ…ਮੰਗਲਵਾਰ ਨੂੰ ਜਦੋਂ ਰਾਜ ਸਭਾ ‘ਚ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕੋਰੋਨ ਲਾਗ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਤਾਂ ਸਦਨ ‘ਚ ਸਿਰਫ ਇੱਕ ਸ਼ਬਦ ਸੁਣਾਈ ਦਿੱਤਾ, ਜਿਸ ਦਾ ਦਰਦ ਪੂਰੇ ਦੇਸ਼ ਨੇ ਝੱਲਿਆ, ਉਸ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਗੰਗਾ ‘ਚ ਤੈਰਦੀਆਂ ਲਾਸ਼ਾਂ ਦਾ ਜ਼ਿਕਰ ਕਰਦਿਆਂ ਇਹ ਚਰਚਾ ਮੱਲਿਕਾਰਜੁਨ ਖੜਗੇ ਨੇ ਸ਼ੁਰੂ ਕੀਤੀ ਤੇ ਅੰਤ ‘ਚ ਇਹ ਗੱਲ ਟੁੱਟਦੇ ਸਾਹਾਂ ਤਕ ਜਾ ਪਹੁੰਚੀ। ਖੜਗੇ ਦੇ ਨਿਸ਼ਾਨੇ ‘ਤੇ ਭਾਵੇਂ ਸਰਕਾਰ ਰਹੀ ਹੋਵੇ, ਪਰ ਸੱਚ ਇਹੀ ਹੈ ਕਿ ਕਈ ਲੋਕਾਂ ਦੇ ਸਾਹ ਆਕਸੀਜ਼ਨ ਦੀ ਕਮੀ ਨਾਲ ਟੁੱਟ ਗਏ ਪਰ ਹੱਦ ਉਦੋਂ ਹੋ ਗਈ ਜਦੋਂ ਸਰਕਾਰ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਰਾਜ ਸਭਾ ‘ਚ ਸਰਕਾਰ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਆਕਸੀਜਨ ਦੀ ਕਮੀ ਕਾਰਨ ਕਿੰਨੇ ਲੋਕਾਂ ਦੀ ਮੌਤ ਹੋਈ? ਇਸ ‘ਤੇ ਸਰਕਾਰ ਨੇ ਜਵਾਬ ਦਿੱਤਾ ਕਿ ਆਕਸੀਜਨ ਕਾਰਨ ਇੱਕ ਵੀ ਮੌਤ ਨਹੀਂ ਹੋਈ।
ਜੇ ਤੁਸੀਂ ਸੋਚਦੇ ਹੋ ਕਿ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਮੌਤ ਨਹੀਂ ਹੋਈ, ਵਾਲਾ ਸਰਕਾਰ ਦਾ ਇਹ ਬਿਆਨ ਗੈਰ-ਜ਼ਿੰਮੇਵਾਰਾਨਾ ਹੈ, ਤਾਂ ਥੋੜ੍ਹਾ ਰੁਕੋ। ਇੱਕ ਵਾਰ ਤੁਸੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਦਾ ਬਿਆਨ ਜ਼ਰੂਰ ਸੁਣ ਲਓ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰਾਂ ਜੋ ਅੰਕੜਾ ਦਿੰਦੀਆਂ ਹਨ, ਅਸੀਂ ਇਸ ਨੂੰ ਕੰਪਾਇਲ ਕਰਕੇ ਛਾਪਦੇ ਹਾਂ। ਕੇਂਦਰ ਸਰਕਾਰ ਦੀ ਇਸ ਤੋਂ ਇਲਾਵਾ ਹੋਰ ਕੋਈ ਭੂਮਿਕਾ ਨਹੀਂ।
ਇਸ ਜਵਾਬ ‘ਚ ਸਿਹਤ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਸਿਹਤ ਪ੍ਰਣਾਲੀ ਸੂਬਿਆਂ ਦੇ ਅਧਿਕਾਰ ਖੇਤਰ ਦਾ ਮੁੱਦਾ ਹੈ। ਸੂਬਿਆਂ ਨੇ ਕੇਂਦਰ ਨੂੰ ਭੇਜੀ ਰਿਪੋਰਟ ‘ਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਮੌਤ ਦਾ ਜ਼ਿਕਰ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਨੇ ਵਿਰੋਧੀ ਧਿਰਾਂ ਦੇ ਪ੍ਰਸ਼ਨਾਂ ਦੀ ਜਵਾਬਦੇਹੀ ਸੂਬਿਆਂ ‘ਤੇ ਪਾ ਦਿੱਤੀ ਹੈ। ਸਵਾਲ ਇਹ ਵੀ ਹੈ ਕਿ ਸੂਬਿਆਂ ਨੇ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਕੇਂਦਰ ਨੂੰ ਕਿਉਂ ਨਹੀਂ ਦਿੱਤੇ?
ਭਾਰਤ ‘ਚ ਕੋਰੋਨਾ ਨਾਲ 50 ਲੱਖ ਮੌਤਾਂ! ਅਮਰੀਕੀ ਰਿਪੋਰਟ ‘ਚ ਹੈਰਾਨੀਜਨਕ ਖੁਲਾਸੇ
ਭਾਰਤ ਨੂੰ ਕੋਰੋਨਾ ਮਹਾਂਮਾਰੀ ਨੇ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਦੁਨੀਆ ਭਰ ‘ਚ ਕੋਰੋਨਾ ਲਾਗ ਦੇ ਮਾਮਲਿਆਂ ‘ਚ ਭਾਰਤ ਦੂਜੇ ਤੇ ਸੰਕਰਮਿਤ ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੀਸਰੇ ਨੰਬਰ ‘ਤੇ ਹੈ। ਦੁਨੀਆ ਭਰ ‘ਚ ਕੋਰੋਨਾ ਲਾਗ ਤੇ ਮੌਤ ਦੇ ਮਾਮਲਿਆਂ ‘ਚ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਵਰਲਡੋਮੀਟਰ ਅਨੁਸਾਰ ਭਾਰਤ ‘ਚ ਸੰਕਰਮਿਤ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 3 ਕਰੋੜ 12 ਲੱਖ ਤੋਂ ਵੱਧ ਹੈ, ਜਦਕਿ ਹੁਣ ਤਕ 4 ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਦੀ ਲਾਗ ਕਾਰਨ ਮੌਤ ਹੋਈ ਹੈ।
ਇਸ ਦੌਰਾਨ ਇੱਕ ਅਮਰੀਕੀ ਅਧਿਐਨ ‘ਚ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ। ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ‘ਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ 10 ਗੁਣਾ ਜ਼ਿਆਦਾ ਹੈ। ਰਿਪੋਰਟ ਨੂੰ ਤਿਆਰ ਕਰਨ ਵਾਲਿਆਂ ‘ਚ 4 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ ਵੀ ਸ਼ਾਮਲ ਹਨ।