ਮੋਦੀ ਸਰਕਾਰ ਆੜ੍ਹਤੀਆਂ ਨੂੰ ਵਿਚੋਲੇ ਨਾ ਦੱਸੇ, ਇਹ ਪੰਜਾਬ ਕਿਰਸਾਨੀ ਦੀ ਰੀੜ੍ਹ ਹਨ: ਵਿਜੈ ਇੰਦਰ ਸਿੰਗਲਾ

0
21

ਚੰਡੀਗੜ੍ਹ, 12 ਦਸੰਬਰ(ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਆੜ੍ਹਤੀਏ ਕੇਂਦਰ ਸਰਕਾਰ ਵੱਲੋਂ ਦਰਸਾਏ ਅਨੁਸਾਰ ਵਿਚੋਲੇ ਨਹੀਂ ਹਨ ਸਗੋਂ ਪੰਜਾਬ ਦੀ ਕਿਰਸਾਨੀ ਦੀ ਰੀੜ੍ਹ ਦੀ ਹੱਡੀ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਏ ਦੁੱਖ ਅਤੇ ਸੁੱਖ ਦੀ ਹਰ ਘੜੀ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ ਅਤੇ ਇਹ ਪੰਜਾਬ ਵਿੱਚ ਖੇਤੀ ਮੰਡੀਕਰਨ ਖੇਤਰ ਦੇ ਧੁਰੇ ਵਜੋਂ ਕੰਮ ਕਰਦੇ ਹਨ।

ਸ੍ਰੀ ਸਿੰਗਲਾ ਨੇ ਕਿਹਾ, “ਚਾਹੇ ਫ਼ਸਲਾਂ ਦੀ ਵਿਕਰੀ ਹੋਵੇ ਜਾਂ ਖਾਦ, ਕੀਟਨਾਸ਼ਕਾਂ ਦੀ ਖਰੀਦ ਲਈ ਵਿੱਤੀ ਲੋੜ ਜਾਂ ਵਿਆਹ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਛੋਟੀ ਮਿਆਦ ਦੇ ਕਰਜ਼ੇ ਦਾ ਮਾਮਲਾ ਹੋਵੇ, ਇਹ ਆੜ੍ਹਤੀਏ ਹੀ ਹਨ ਜੋ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ। ਉਹ ਇੱਕ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਹਨ ਪਰ ਇਹ ਇਕ ਸਹਿਜ ਅਤੇ ਸਾਰਥਕ ਰਿਸ਼ਤਾ ਹੈ।” ਉਨ੍ਹਾਂ ਕਿਹਾ ਕਿ ਆੜ੍ਹਤੀਏ ਖੇਤੀਬਾੜੀ ਭਾਈਚਾਰੇ ਦਾ ਜ਼ਰੂਰੀ ਹਿੱਸਾ ਹਨ ਅਤੇ ਮੋਦੀ ਸਰਕਾਰ ਉਹਨਾਂ ਦੇ ਸਬੰਧਾਂ ਨੂੰ ਸਮਝਣ ਦੀ ਬਜਾਏ ਇਸ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰ ਰਹੀ ਹੈ।

ਭਾਜਪਾ ਆਗੂਆਂ ਨੂੰ ਸਵਾਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਕੀ ਸਟਾਕ ਐਕਸਚੇਂਜ ਮਾਰਕੀਟ ਦਲਾਲੀ ਜਾਂ ਨਿਆਂਇਕ ਅਦਾਲਤਾਂ ਕਾਨੂੰਨੀ ਸਲਾਹਕਾਰਾਂ ਤੋਂ ਬਿਨਾਂ ਕੰਮ ਕਰ ਸਕਦੀਆਂ ਹਨ?” ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਕਿਸਾਨਾਂ ਨੂੰ ਵੀ ਆੜ੍ਹਤੀਆ ਵਰਗੇ ਪੱਕੇ ਸਾਥ ਦੀ ਹਰ ਸਮੇਂ ਲੋੜ ਹੈ ਅਤੇ ਕਿਸਾਨਾਂ ਤੇ ਆੜ੍ਹਤੀਆ ਦਾ ਰਿਸ਼ਤਾ ਅੱਜ ਵੀ ਪਵਿੱਤਰ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਏ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਬਾਰੇ ਸੇਧ ਦੇਣ ਦੇ ਨਾਲ-ਨਾਲ ਹੋਰਨਾਂ ਪਹਿਲੂਆਂ ‘ਤੇ ਵੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ।

ਮੋਦੀ ਸਰਕਾਰ ਦੀ ਆੜ੍ਹਤੀਆ ਵਿਰੋਧੀ ਮੀਡੀਆ ਮੁਹਿੰਮ ਦੀ ਨਿੰਦਾ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਮੋਦੀ ਅਤੇ ਉਸਦੇ ਪੈਰੋਕਾਰ ਅੰਨ੍ਹੇਵਾਹ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਆੜ੍ਹਤੀਏ ਅਤੇ ਮੰਡੀ ਪ੍ਰਣਾਲੀ ਸਿਰਫ ਫਸਲਾਂ ਦੇ ਭਾਅ ਵਿੱਚ ਵਾਧਾ ਕਰਦੇ ਹਨ ਅਤੇ ਇਨ੍ਹਾਂ ਨੂੰ ਇਸ ਚੇਨ `ਚੋਂ ਹਟਾਏ ਜਾਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਆਪਣੀ ਪੰਜਾਬ ਇਕਾਈ ਦੇ ਨੇਤਾਵਾਂ ਤੋਂ ਇਸ ਪਵਿੱਤਰ ਪ੍ਰਣਾਲੀ ਬਾਰੇ ਪਹਿਲਾਂ ਜਾਣ ਲੈਣਾ ਚਾਹੀਦਾ ਹੈ ਜਿਨ੍ਹਾਂ ਨੇ ਸੂਬੇ ਵਿਚ ਆੜ੍ਹਤੀਆਂ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਸਬੰਧਤ ਖੇਤਰਾਂ ਦੇ ਮਾਹਰਾਂ ਦੀ ਸਲਾਹ ਲਏ ਬਿਨਾਂ ਹੀ ਅੰਨ੍ਹੇਵਾਹ ਕਾਨੂੰਨ ਪਾਸ ਕਰ ਰਹੀਆਂ ਹਨ।

——————-

NO COMMENTS