ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਨੇ ਲੌਕਡਾਊਨ ਵਿੱਚ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕੋਰੋਨਾ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਆਉਂਦੇ ਇਲਾਕਿਆਂ ਵਿੱਚ ਮੋਬਾਈਲ ਫ਼ੋਨ, ਸਟੇਸ਼ਨਰੀ, ਕੱਪੜੇ-ਲੀੜੇ ਤੇ ਹਾਰਡਵੇਅਰ ਆਦਿ ਸਾਮਾਨ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਸ਼ਾਪਿੰਗ ਮਾਲ ਤੇ ਮਾਰਕਿਟ ਕੰਪਲੈਕਸ ਤਿੰਨ ਮਈ ਤਕ ਬੰਦ ਰਹਿਣਗੇ ਤੇ ਨਾ ਹੀ ਸੈਲੂਨ-ਨਾਈ, ਰੈਸਟੋਰੈਂਟ ਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲੇ ਕਿਸੇ ਕਿਸਮ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਆਉਂਦੀ 30 ਅਪ੍ਰੈਲ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਹੀ ਦੁਕਾਨਾਂ ਖੋਲ੍ਹਣ ਬਾਰੇ ਕੋਈ ਫੈਸਲਾ ਕੀਤਾ ਜਾਵੇਗਾ। ਪੰਜਾਬ ਵਿੱਚ ਤਿੰਨ ਮਈ ਤਕ ਕਰਫਿਊ ਲਾਗੂ ਹੈ ਤੇ ਸਰਕਾਰ ਵੱਲੋਂ ਬਣਾਈ ਗਈ ਮਾਹਰਾਂ ਦੀ ਕਮੇਟੀ ਨੇ ਇਸ ਬਾਰੇ ਆਪਣੀ ਡ੍ਰਾਫਟ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਅੰਤਿਮ ਰਿਪੋਰਟ ਤਿੰਨ ਦਿਨਾਂ ਬਾਅਦ ਆਵੇਗੀ। ਮੁੱਖ ਮੰਤਰੀ 20 ਮੈਂਬਰੀ ਕਮੇਟੀ ਦੇ ਮਾਹਰਾਂ ਨਾਲ ਗੱਲਬਾਤ ਕਰਨ ਮਗਰੋਂ ਹੀ ਕਿਸੇ ਨਤੀਜੇ ‘ਤੇ ਪਹੁੰਚਣਗੇ।
ਸੂਬੇ ਦੇ ਮਾਲੀਏ ਦੇ ਮੁਕਸਾਨ ਦੀ ਪੂਰਤੀ ਲਈ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਹੋਣ ਵਾਲੀ ਬੈਠਕ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਮਸਲਾ ਚੁੱਕਣਗੇ। ਪੰਜਾਬ ਸਰਕਾਰ ਸ਼ਰਾਬ ਵੇਚ ਕੇ 6200 ਕਰੋੜ ਰੁਪਏ ਦਾ ਮਾਲੀਆ ਕਮਾਉਂਦੀ ਹੈ, ਜੋ ਇਸ ਸਮੇਂ ਕੋਰੋਨਾ ਕਰਫਿਊ ਕਾਰਨ ਨਹੀਂ ਮਿਲ ਰਿਹਾ।
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਤੇਲੰਗਾਨਾ, ਤਮਿਲਨਾਡੂ ਤੇ ਚੰਡੀਗੜ੍ਹ ਨੇ ਦੁਕਾਨਾਂ ਨਾ ਖੋਲ੍ਹਣ ਦਾ ਫੈਸਲਾ ਲਿਆ ਹੈ ਜਦਕਿ ਬਿਹਾਰ, ਅਸਮ, ਝਾਰਖੰਡ ਤੇ ਪੱਛਮੀ ਬੰਗਾਲ ਹਾਲੇ ਦੁਚਿੱਤੀ ਵਿੱਚ ਜਾਪਦੇ ਹਨ। ਉੱਧਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਿਮਾਚਲ, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਓਡੀਸ਼ਾ, ਗੁਜਰਾਤ ਤੇ ਕਰਨਾਟਕ ਸਮੇਤ 14 ਸੂਬਿਆਂ ਨੇ ਕੋਰੋਨਾ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।