ਮੋਦੀ ਦੇ ਇਸ਼ਾਰਿਆਂ ‘ਤੇ ਕੈਪਟਨ ਨੇ ਕਿਸਾਨਾਂ ‘ਤੇ ਪਾਇਆ ਆਰਥਿਕ ਬੋਝ! ਵਿਰੋਧੀ ਧਿਰ ਦੇ ਆਗੂ ਨੇ ਫੈਸਲਾ ਵਾਪਿਸ ਲੈਣ ਲਈ ਕਿਹਾ

0
63

ਚੰਡੀਗੜ੍ਹ 12, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਪ੍ਰਾਪਰਟੀ ਟੈਕਸ ’ਚ ਪੰਜਾਬ ਸਰਕਾਰ ਵੱਲੋਂ ਵਾਧਾ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ। ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਨਤਾ ਨੂੰ ਲੁੱਟਣ ਵਾਲੀਆਂ ਆਪਣੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਕੈਪਟਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਨਤਾ ‘ਤੇ ਇੰਨਾ ਆਰਥਿਕ ਬੋਝ ਪਾਉਣ ਨਾਲ ਵੀ ਸਰਕਾਰ ਦਾ ਖ਼ਾਲੀ ਖ਼ਜ਼ਾਨਾ ਨਹੀਂ ਭਰਿਆ ਤਾਂ ਇਸ ਬੇਰਹਿਮ ਕੈਪਟਨ ਸਰਕਾਰ ਨੇ ਆਮ ਜਨਤਾ ਦੇ ਸੰਪਤੀ ਖ਼ਰੀਦਣ ‘ਤੇ ਵੀ ਢਾਈ ਰੁਪਏ ਪ੍ਰਤੀ ਹਜ਼ਾਰ ਦਾ ਵਾਧੂ ਬੋਝ ਪੰਜਾਬ ਦੇ ਲੋਕਾਂ ‘ਤੇ ਪਾ  ਦਿੱਤਾ ਹੈ।

ਉਨ੍ਹਾਂ ਕਿਹਾ, ‘ਕੈਪਟਨ ਸਰਕਾਰ ਆਰਥਿਕ ਮੋਰਚੇ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ, ਇਸ ਲਈ ਆਮ ਲੋਕਾਂ ਦੀ ਜ਼ਰੂਰਤ ਦੇ ਸਮਾਨ ਦੀਆਂ ਕੀਮਤਾਂ ਵਧਾਕੇ ਜਨਤਾ ਤੋਂ ਜ਼ਬਰੀ ਪੈਸਾ ਵਸੂਲ ਰਹੇ ਹਨ। ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਵਿੱਚ ਤੇਲ ਦੀ ਕੀਮਤ ਨਹੀਂ ਘਟਾਈ ਅਤੇ ਭਾਰਤ ਦੀ ਆਮ ਜਨਤਾ ਦੀ ਜੇਬ ਢਿੱਲੀ ਕਰਦੀ ਰਹੀ ਤੇ ਆਮ ਲੋਕਾਂ ਤੋਂ ਜ਼ਬਰਦਸਤੀ ਪੈਸਾ ਵਸੂਲਦੀ ਰਹੀ। ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਇਸ ਮਹਾਂਮਾਰੀ ਵਿੱਚ ਤੇਲ ਦੀਆਂ ਕੀਮਤਾਂ ਵਧਾ ਕੇ ਅਤੇ ਸੰਪਤੀ ਖ਼ਰੀਦਣ ‘ਤੇ ਵਾਧੂ ਚਾਰਜ ਲਗਾ ਕੇ ਪੰਜਾਬ ਦੀ ਜਨਤਾ ਨੂੰ ਲੁੱਟ ਰਹੀ ਹੈ।

ਉਨ੍ਹਾਂ ਕੈਪਟਨ ਉੱਤੇ ਮੋਦੀ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੈਪਟਨ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਦੇ ਕਿਸਾਨਾਂ ‘ਤੇ ਵਾਧੂ ਬੋਝ ਪਾ ਰਹੀ ਹੈ, ਤਾਂ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਰਨ ਲਈ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਲੋੜ ਪੈਂਦੀ ਹੈ। ਕੈਪਟਨ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਅੰਦੋਲਨ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਧਾਕੇ ਕਿਸਾਨਾਂ ਉੱਤੇ ਆਰਥਿਕ ਦਬਾਅ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਇਸ ਦੇ ਕਾਰਨ ਜ਼ਰੂਰੀ ਚੀਜ਼ਾਂ ਦੇ ਭਾਅ ਵਧ ਜਾਣਗੇ ਅਤੇ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਨੂੰ ਪਹਿਲਾਂ ਤੋਂ ਹੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਲੋਕਾਂ ਦੀਆਂ ਮੁਸੀਬਤ ਹੋਰ ਨਹੀਂ ਵਧਾਉਣਾ ਚਾਹੀਦਾ ਅਤੇ ਪੈਟਰੋਲ-ਡੀਜ਼ਲ ਦੇ ਭਾਅ ਅਤੇ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੇ ਆਪਣੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ।

NO COMMENTS