*ਮੋਗਾ- ਸਬਜ਼ੀ ਵਿਕਰੇਤਾ ਦੀ ਪਤਨੀ ਨੇ ਰਚੀ ਸੀ ਕਤਲ ਦੀ ਸਾਜ਼ਿਸ਼, ਪ੍ਰੇਮੀ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ*

0
90

ਮੋਗਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼ਹਿਰ ਵਿੱਚ ਸਬਜ਼ੀ ਵਿਕਰੇਤਾ ਦੇ ਕਤਲ ਦੀ ਹੌਲਨਾਕ ਘਟਨਾ ਦੇ ਮਾਮਲੇ ਨੂੰ ਮੋਗਾ ਪੁਲਿਸ ਨੇ 48 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਮੁਲਜ਼ਮਾਂ ਨੂੰ ਇਸ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਵਾਹਨ ਸਮੇਤ ਕਾਬੂ ਕੀਤਾ ਗਿਆ ਹੈ।

ਪ੍ਰੈੱਸ ਕਾਨਫਰੰਸ ਕਰਦਿਆਂ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤ ਨਗਰ ਦੇ ਰਹਿਣ ਵਾਲੇ ਇੱਕ ਸਬਜ਼ੀ ਵਿਕਰੇਤਾ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਆਪਣੇ ਘਰ ਸੁੱਤਾ ਪਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਸਾਊਥ ਥਾਣਾ ਸਿਟੀ, ਸੀਆਈਏ ਮੋਗਾ ਅਤੇ ਸਾਈਬਰ ਸੈੱਲ ਮੋਗਾ ਦੀਆਂ ਟੀਮਾਂ ਨੂੰ ਸ਼ਾਮਲ ਕਰਕੇ ਇਕ ਸੰਯੁਕਤ ਜਾਂਚ ਟੀਮ ਬਣਾਈ ਗਈ ਸੀ। ਕੇਸ ਦੀ ਜਾਂਚ ਲਈ ਫੋਰੈਂਸਿਕ ਅਤੇ ਡਿਜੀਟਲ ਸਾਧਨ ਵੀ ਵਰਤੇ ਗਏ ਸਨ। ਜਾਂਚ ਪੜਤਾਲ ਦੌਰਾਨ ਜਾਂਚ ਟੀਮ ਨੇ ਮ੍ਰਿਤਕ ਅਮਨਦੀਪ ਕੌਰ ਦੀ ਪਤਨੀ ਦੁਆਰਾ ਦੱਸੀ ਗਈ ਕਹਾਣੀ ਅਤੇ ਅਪਰਾਧ ਦੇ ਸਥਾਨ’ ਤੇ ਵੇਖੇ ਹਾਲਾਤਾਂ ਵਿਚ ਬਹੁਤ ਸਾਰੇ ਅੰਤਰ ਦੇਖਿਆ

ਹੱਤਿਆ ਵੇਲੇ ਪਤੀ ਦੇ ਕੋਲ ਸੌਣ ਦੇ ਬਾਵਜੂਦ ਪਤਨੀ ਨੇ ਕਿਹਾ ਕਿ ਉਸਨੂੰ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਅਤੇ ਹੋਰ ਕਈ ਪੱਖਾਂ ਨੇ ਪਤਨੀ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਪਤਨੀ ਵੱਲ ਹੀ ਇਸ਼ਾਰਾ ਕੀਤਾ ਸੀ।  ਪੁੱਛਗਿੱਛ ਕਰਨ ‘ਤੇ ਪਤਨੀ ਨੇ ਆਖਰਕਾਰ ਆਪਣੇ ਜੁਰਮ ਨੂੰ ਮੰਨ ਲਿਆ ਅਤੇ ਅਪਰਾਧ ਵਿੱਚ ਆਪਣੇ ਭਾਈਵਾਲਾਂ ਬਾਰੇ ਵੇਰਵਾ ਦਿੱਤਾ। ਇਸ ਮਾਮਲੇ ਨੂੰ ਸੁਲਝਾਉਣ ਲਈ ਸੀਡੀਆਰ, ਆਈਪੀਡੀਆਰ ਅਤੇ ਸੀਸੀਟੀਵੀ ਫੁਟੇਜ ਦਾ ਵੀ ਸਹਾਰਾ ਲਿਆ ਗਿਆ।

ਜਾਂਚ ਦੌਰਾਨ ਅਮਨਦੀਪ ਕੌਰ ਨੇ ਖੁਲਾਸਾ ਕੀਤਾ ਕਿ ਉਹ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਕਰੀਬ 8-9 ਮਹੀਨੇ ਪਹਿਲਾਂ ‘ਓਲਾ ਪਾਰਟੀ’ ਨਾਮਕ ਸੋਸ਼ਲ ਮੀਡੀਆ ਐਪ ਰਾਹੀਂ ਮਿਲੀ ਸੀ।  ਜਿਸ ਦੌਰਾਨ ਉਨ੍ਹਾਂ ਵਿੱਚ ਪਿਆਰ ਪੈ ਗਿਆ ਅਤੇ ਕਦੇ ਕਦੇ ਮਿਲਣ ਲੱਗੇ। ਲਗਭਗ 2 ਮਹੀਨੇ ਪਹਿਲਾਂ ਉਸਨੇ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਸੀ ਤਾਂ ਜੋ ਉਹ ਸੰਦੀਪ ਸਿੰਘ ਨਾਲ ਵਿਆਹ ਕਰਵਾ ਸਕੇ।

ਕਤਲ ਦੀ ਰਾਤ ਨੂੰ ਉਸਨੇ ਸੰਦੀਪ ਲਈ ਦਰਵਾਜ਼ਾ ਖੋਲ੍ਹਿਆ ਜਦੋਂਕਿ ਜਸਬੀਰ ਬਾਹਰ ਮੋਟਰਸਾਈਕਲ ‘ਤੇ ਉਡੀਕ ਰਿਹਾ ਸੀ। ਸੰਦੀਪ ਅਤੇ ਅਮਨਦੀਪ ਨੇ ਕੁਹਾੜੀ ਨਾਲ ਉਸਦਾ ਗਲਾ ਵੱਢ ਕੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਸੰਦੀਪ ਅਤੇ ਜਸਬੀਰ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ‘ਤੇ ਚਲੇ ਗਏ। ਕੁਝ ਸਮੇਂ ਬਾਅਦ, ਅਮਨਦੀਪ ਕੌਰ ਨੇ ਸ਼ੱਕ ਤੋਂ ਬਚਣ ਲਈ ਇੱਕ ਡਰਾਮਾ ਰਚਣਾ ਸ਼ੁਰੂ ਕੀਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਕਤਲ ਬਾਰੇ ਦੱਸਿਆ।

ਪੁਲਿਸ ਨੇ ਕਤਲ ਲਈ ਵਰਤਿਆ ਹਥਿਆਰ (ਕੁਹਾੜੀ), ਵਰਤੇ ਗਏ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਨੰ.  ਪੀ ਬੀ 30 ਜੇ 2311 ਅਤੇ ਸਬੂਤ ਵਜੋਂ ਖੂਨ ਦੇ ਦਾਗ਼ ਵਾਲੇ ਕੱਪੜੇ ਬਰਾਮਦ ਕਰ ਲਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਅਮਨਦੀਪ ਕੌਰ, ਸੰਦੀਪ ਸਿੰਘ, ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

NO COMMENTS