*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸਾਡਾ ਰੁਜਗਾਰ —ਸਾਡਾ ਅਧਿਕਾਰ ਮਿਸਨ ਤਹਿਤ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਦਾ ਸੱਦਾ:ਸੂਬਾ ਕਮੇਟੀ*

0
20

ਮਾਨਸਾ 22 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ ,ਚੇਅਰਮੈਨ ਡਾ ਐਚ ਐਸ ਰਾਣੂ, ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ , ਸੂਬਾ ਕੈਸੀਅਰ ਡਾ .ਰਾਕੇਸ਼ ਕੁਮਾਰ ਮਹਿਤਾ, ਲੀਗਲ ਐਡਵਾਈਜ਼ਰ ਡਾ.ਜਸਵਿੰਦਰ ਭੋਗਲ ਕਮੇਟੀ ਮੈਂਬਰ ਵੈਦ ਤਾਰਾ ਚੰਦ ਭਾਵਾ ਅਤੇ ਪ੍ਰੈਸ ਸਕੱਤਰ ਚਮਕੌਰ ਸਿੰਘ ਨੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਆਪਣੀ ਪਿ੍ਤ ਅਨੁਸਾਰ ਪੂਰੇ ਪੰਜਾਬ ਅੰਦਰ ਜ਼ਿਲਾ / ਬਲਾਕ ਪੱਧਰ ਤੇ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਮਿਸਨ ਤਹਿਤ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜਾਗਰੂਕਤਾ ਸੈਮੀਨਾਰ ,ਖੂਨ ਦਾਨ ਕੈਂਪ ਆਦਿ ਲਗਾ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਜਿਹੜੇ ਸੁਪਨਿਆਂ ਨੂੰ ਲੈਕੇ ਸਾਡੇ ਦੇਸ਼ ਭਗਤਾਂ ਨੇ ਜੇਲਾਂ ਕੱਟੀਆਂ ਅਤੇ ਜਾਨਾਂ ਕੁਰਬਾਨ ਕੀਤੀਆ ਤਾਂ ਕਿ ਲੋਕ ਸਹੀ ਰੂਪ ਵਿੱਚ ਅਜਾਦੀ ਦਾ ਨਿੱਘ ਮਾਣ ਸਕਣ । ਹਰ ਇੱਕ ਲਈ ਸਿਹਤ ਸਿੱਖਿਆ ਅਤੇ ਰੁਜਗਾਰ ਦਾ ਪ੍ਰਬੰਧ ਹੋਵੇ ਅਤੇ ਮੁੱਢਲੀਆਂ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਦੀ ਪੂਰਤੀ ਹੋਵੇ। ਪਰ ਅਜਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੇਸ ਦੇ ਕਰੋੜਾਂ ਲੋਕ ਰੱਜਵੀਂ ਰੋਟੀ ਤੋਂ ਵਾਂਝੇ ਹਨ। ਤਨ ਤੇ ਕੱਪੜੇ ਦੀ ਅਣਹੋਂਦ ਅਤੇ ਖੁੱਲੇ ਅਸਮਾਨ ਹੇਠਾਂ ਨਰਕਮਈ ਜੀਵਨ ਬਸਰ ਕਰ ਰਹੇ ਹਨ। ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ ਵਿੱਚ ਨਿੱਜੀਕਰਨ ਨਿਗਮੀਕਰਨ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਦੇਸ ਦੇ ਕੁਦਰਤੀ ਸ੍ਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੜਨ, ਅਤੇ ਸਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਉਹਨਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣੇ ਅਤੇ ਉਨ੍ਹਾਂ ਦੀ ਜੀਵਨ ਅਤੇ ਫਲਸਫੇ ਤੋਂ ਸੇਧ ਲੈਕੇ ਅੱਗੇ ਵਧਣਾ ਸਮੇਂ ਦੀ ਅਣਸਰਦੀ ਜਰੂਰਤ ਹੈ। ਉਹਨਾਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦੀ ਚਿਰੋਕਣੀ ਮੰਗ ਸਬੰਧੀ ਵਿਧਾਨ ਸਭਾ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਕਾਨੂੰਨ ਦਾ ਵਾਸਤਾ ਪਾ ਕੇ ਕੀਤੀ ਕੋਰੀ ਨਾਂਹ ਦਾ ਵੀ ਸਖ਼ਤ ਨੋਟਿਸ ਲੈਦਿਆਂ ਕਿਹਾ ਕਿ ਜਥੇਬੰਦੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਆਉਣ ਵਾਲੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲੰਬਾ ਅਤੇ ਬੱਝਵਾਂ ਸੰਘਰਸ਼ ਉਲੀਕੇਗੀ। ਜ਼ਿਲ੍ਹਾ ਪ੍ਰਧਾਨ ਮਾਨਸਾ ਸੱਤ ਪਾਲ ਰਿਸ਼ੀ ,ਚੇਅਰਮੈਨ ਰਘਵੀਰ ਚੰਦ ਸ਼ਰਮਾ ,ਸਕੱਤਰ ਸਿਮਰਜੀਤ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਮਾਖਾ ਆਦਿ ਆਗੂਆਂ ਨੇ ਵੀ ਸਮੂਹ ਮੈਡੀਕਲ ਪੈ੍ਕਟੀਸ਼ਨਰ ਸਾਥੀਆਂ ਨੂੰ ਸੂਬਾ ਕਮੇਟੀ ਵੱਲੋਂ ਉਲੀਕੇ ਕਾਰਜ ਨੂੰ ਤਨਦੇਹੀ ਨਾਲ ਨੇਪਰੇ ਚਾੜਨ ਦਾ ਅਪੀਲ ਕੀਤੀ।

NO COMMENTS