*ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਅਪੀਲ*

0
551

ਮਾਨਸਾ 05,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਜ਼ਿਲ੍ਹਾ ਕਮੇਟੀ ਅਤੇ ਬਲਾਕ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ ਜੀ ਅਤੇ ਵਿਛੜੇ ਮੈਂਬਰ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਅਤੇ ਚੇਅਰਮੈਨ ਤਾਰਾ ਚੰਦ ਭਾਵਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਅਤੇ ਸਾਡੀ ਐਸੋਸੀਏਸਨ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਕਾਨੂੰਨ ਬਣਾ ਕੇ ਉਨ੍ਹਾਂ ਦੀਆਂ ਤਿਜੋਰੀਆਂ ਭਰੀਆਂ ਹਨ । ਰਵਾਇਤੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਂਦੇ ਹੋਏ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ 92 ਵਿਧਾਇਕਾਂ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ । ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੀ ਸਮੁੱਚੀ ਜਥੇਬੰਦੀ ਵੱਲੋਂ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਵੱਡੀਆਂ ਆਸਾਂ ਹਨ । ਸੂਬੇ ਅੰਦਰ ਸਿਹਤ, ਸਿਖਿਆ, ਰੁਜ਼ਗਾਰ ਵਰਗੇ ਅਹਿਮ ਮਸਲੇ ਹਨ ਜਿਨ੍ਹਾਂ ਨੂੰ ਹੱਲ ਕਰਨਾ ਮਾਨਯੋਗ ਮੁੱਖ ਮੰਤਰੀ ਅਤੇ ਉਹਨਾਂ ਦੀ ਕੈਬਨਿਟ ਦੀ ਅਹਿਮ ਜ਼ਿੰਮੇਵਾਰੀ ਹੈ ਇੰਨ੍ਹਾਂ ਦਾ ਹੱਲ ਕਰਨਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਿੱਤੇ ਲੋਕ ਫਤਵੇ ਦਾ ਮਾਨ ਸਤਿਕਾਰ ਹੋਵੇਗਾ। ਉਹਨਾਂ ਕਿਹਾ ਕਿ ਮੈਡੀਕਲ ਪੈ੍ਕਟੀਸ਼ਨਰ ਪੰਜਾਬ ਅੰਦਰ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਮੁੱਢਲੀਆਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਇੰਨ੍ਹਾਂ ਵੱਲੋਂ ਨੈਸ਼ਨਲ ਪ੍ਰੋਗਰਾਮ ਪਲਸ ਪੋਲੀਓ , ਟੀ ਬੀ, ਨਸਬੰਦੀ ਅਤੇ ਹੋਰ ਭਿਆਨਕ ਬੀਮਾਰੀਆਂ ਦੀ ਰੋਕਥਾਮ ਲਈ ਕੀਤੇ ਜਾਂਦੇ ਪ੍ਰੋਗਰਾਮਾ ਵਿੱਚ ਅਹਿਮ ਰੋਲ ਨਿਭਾਇਆ ਜਾਂਦਾ ਹੈ । ਕਰੋਨਾ ਕਾਲ ਵਿੱਚ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅਹਿਮ ਰੋਲ ਨਿਭਾਇਆ । ਉਹਨਾਂ ਦੀਆਂ ਮੰਗਾਂ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਪਿਛਲੇ ਸਮੇਂ ਵੱਖ ਵੱਖ ਸਰਕਾਰਾਂ ਨੇ ਹੱਲ ਕਰਨ ਦੀ ਬਜਾਏ ਲਾਰਿਆਂ ਨਾਲ ਹੀ ਬੁੱਤਾ ਸਾਰਿਆ ਹੈ ‌। ਆਮ ਆਦਮੀ ਪਾਰਟੀ ਦੀ ਸਮੁੱਚੀ ਸੂਬਾਈ ਲੀਡਰਸ਼ਿਪ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਉਨ੍ਹਾਂ ਦੀ ਸਰਕਾਰ ਬਨਣ ਤੇ ਪਾਰਟ ਟਾਇਮ ਸਿਖਿਆ ਦੇ ਕੇ ਕਾਨੂੰਨੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ । ਉਹਨਾਂ ਮਾਨਯੋਗ ਮੁੱਖ ਮੰਤਰੀ , ਮਾਨਯੋਗ ਸਿਹਤ ਮੰਤਰੀ ਅਤੇ ਸਮੁੱਚੀ ਕੈਬਨਿਟ ਨੂੰ ਅਪੀਲ ਕੀਤੀ ਕਿ ਮੈਡੀਕਲ ਪੈ੍ਕਟੀਸ਼ਨਰਾਂ ਦੇ ਸਮਾਜਿਕ ਰੋਲ ਨੂੰ ਸਮਝਦਿਆਂ ਪਾਰਟ ਟਾਇਮ ਸਿਖਿਆ ਦੇ ਕੇ ਪਰੈਕਟਿਸ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ ਇਸ ਨਾਲ ਜਿੱਥੇ ਗਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਰਹਿਣਗੀਆਂ ਉਥੇ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਵਾਅਦੇ ਦੀ ਵੀ ਪੂਰਤੀ ਹੋਵੇਗੀ । ਇਸ ਸਮੇਂ ਜ਼ਿਲ੍ਹਾ ਕੈਸ਼ੀਅਰ ਅਸ਼ੋਕ ਕੁਮਾਰ ਗਾਮੀਵਾਲਾ, ਗਮਦੂਰ ਸਿੰਘ ਰੱਲੀ, ਬਲਾਕ ਝੁਨੀਰ ਦੇ ਸਕੱਤਰ ਜਸਵੀਰ ਸਿੰਘ ਝੰਡੂਕੇ , ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ, ਬੋਹਾ ਦੇ ਕੈਸ਼ੀਅਰ ਕੁਲਵੰਤ ਰਾਏ, ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ ,ਬਰੇਟਾ ਦੇ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ , ਜੋਗਾ ਦੇ ਸੀਨੀਅਰ ਵਾਈਸ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਬੁਢਲਾਡਾ ਦੇ ਸੀਨੀਅਰ ਵਾਈਸ ਪ੍ਰਧਾਨ ਨਾਇਬ ਸਿੰਘ ਆਹਮਦਪੁਰ, ਸਰਦੂਲਗੜ੍ਹ ਦੇ ਪ੍ਰਧਾਨ ਰਾਜਵੀਰ ਸਿੰਘ ਪਵਾਰ , ਸਤਵੰਤ ਸਿੰਘ,ਸਿਸਨ ਗੋਇਲ, ਅਮਰੀਕ ਸਿੰਘ ਸਿੱਧੂ , ਹਰਬੰਸ ਸਿੰਘ ਦਿਆਲਪੁਰਾ , ਰਾਜ ਸਿੰਘ ਝੰਡੂਕੇ , ਦੀਪਕ ਬਜਾਜ ,ਲੱਖਾ ਸਿੰਘ , ਹਰਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਸਾਫ ਸੁਥਰੀ ਪਰੈਕਟਿਸ ਕਰਨ ਅਤੇ ਜਥੇਬੰਦੀ ਦੀ ਬੇਹਤਰੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਦਿੱਤਾ ਸੱਦਾ ।

NO COMMENTS