ਮਾਨਸਾ, 18 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਜ਼ਿਲਾ ਮੈਜਿਸਟੇ੍ਰਟ ਸ਼੍ਰੀ ਜਸਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 21 ਜੂਨ ਨੂੰ ਸ਼ਾਮ 6 ਵਜੇ ਤੋਂ ਲੈ ਕੇ 23 ਜੂਨ 2022 ਨੂੰ ਸ਼ਾਮ 8 ਵਜੇ ਤੱਕ ਅਤੇ 26 ਜੂਨ 2022 ਨੂੰ ਜ਼ਿਲਾ ਸੰਗਰੂਰ ਅਤੇ ਬਰਨਾਲਾ ਤੋਂ ਮਾਨਸਾ ਜ਼ਿਲੇ ਵਿੱਚ ਆਉਂਦੇ 3 ਕਿਲੋਮੀਟਰ ਦੇ ਏਰੀਏ ਵਿੱਚ ਡਰਾਈ ਡੇ ਘੋਸ਼ਿਤ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਹੁਕਮਾਂ ’ਚ ਕਿਹਾ ਡਰਾਈ ਡੇ ਦੌਰਾਨ ਕਿਸੇ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ ’ਤੇ ਰੋਕ ਹੋਵੇਗੀ। ਇਹ ਹੁਕਮ ਹੋਟਲਾਂ, ਰੈਸਟਰੈਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਪੀਣ ਅਤੇ ਵੇਚਣ ਦੀ ਕਾਨੂੰਨੀ ਇਜਾਜਤ ਹੈ, ਤੇ ਵੀ ਪੂਰਨ ਤੌਰ ਤੇ ਲਾਗੂ ਹੋਵੇਗਾ।
ਹੁਕਮਾਂ ’ਚ ਅੱਗੇ ਕਿਹਾ ਗਿਆ ਹੈ ਕਿ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਭਾਰਤ ਚੋਣ ਕਮਿਸ਼ਨ ਦੇ ਪੱਤਰ ਅਨੁਸਾਰ 12 ਸੰਗਰੂਰ (ਜ਼ਿਲਾ ਸੰਗਰੂਰ, ਬਰਨਾਲਾ ਅਤੇ ਜ਼ਿਲਾ ਮਾਲੇਰਕੋਟਲਾ ਦੇ 105 ਮਲੇਰਕੋਟਲਾ ਵਿਧਾਨ ਸਭਾ ਹਲਕਾ) ਸੰਸਦੀ ਹਲਕੇ ਤੋਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ-2022 ਮਿਤੀ 23 ਜੂਨ 2022 (ਵੀਰਵਾਰ) ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 26 ਜੂਨ 2022 ਨੂੰ ਹੋਣੀ ਹੈ। ਇਸ ਲਈ ਜ਼ਿਲਾ ਸੰਗਰੂਰ ਅਤੇ ਬਰਨਾਲਾ ਤੋਂ ਮਾਨਸਾ ਜ਼ਿਲੇ ਵਿੱਚ ਆਉਂਦੇ 3 ਕਿਲੋਮੀਟਰ ਦੇ ਏਰੀਆ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਡਰਾਈ ਡੇ ਘੋਸ਼ਿਤ ਕੀਤਾ ਜਾਣਾ ਜਰੂਰੀ ਹੋ ਗਿਆ ਹੈ।