*ਮੂਸਵਾਲਾ ਕਤਲ ਮਾਮਲੇ ‘ਚ ਇੱਕ ਹੋਰ ਗ੍ਰਿਫਤਾਰ, ਸੌਰਵ ਉਰਫ ਮਹਾਕਾਲ ਤੋਂ ਪੁਲਿਸ ਕਰੇਗੀ ਪੁੱਛਗਿੱਛ*

0
124

08 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਅੰਤਿਮ ਵਿਦਾਇਗੀ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਕਤਲ ਦਾ ਮਾਮਲਾ ਸੁਲਝਿਆ ਨਹੀਂ। ਹਾਲਾਂਕਿ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਅੱਠ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਜਿਨ੍ਹਾਂ ਅੱਠ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚ ਪੁਣੇ ਦਾ ਕਨੈਕਸ਼ਨ ਵੀ ਸਾਹਮਣੇ ਆਇਆ ਸੀ।


ਇਨ੍ਹਾਂ 8 ਸ਼ੱਕੀਆਂ ‘ਚੋਂ ਦੋ ਸ਼ੱਕੀ ਸੌਰਵ ਉਰਫ ਮਹਾਕਾਲ ਅਤੇ ਸੰਤੋਸ਼ ਜਾਧਵ ਨਾਂ ਦੇ ਪੁਣੇ ਦੇ ਰਹਿਣ ਵਾਲੇ ਹਨ। ਜਿਹਨਾਂ ‘ਚੋਂ ਹੁਣ ਪੁਲਿਸ ਵੱਲੋਂ ਸੌਰਵ ਉਰਫ ਮਹਾਕਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕਤਲ ਕਰਨ ਵਾਲਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਹੈ। 
ਦਰਅਸਲ, ਸੌਰਵ ਉਰਫ ਮਹਾਕਾਲ ਅਤੇ ਸੰਤੋਸ਼ ਦੋਵੇਂ ਪੁਣੇ ਦੇ ਮੰਚਰ ਥਾਣਾ ਵਿਚ ਦਰਜ ਇਕ ਕਤਲ ਦੇ ਮਾਮਲੇ ਦੇ ਦੋਸ਼ੀ ਹਨ। ਦੋਵਾਂ ‘ਤੇ MCOCA ਤਹਿਤ ਮਾਮਲਾ ਦਰਜ ਹੈ।


ਪਿਛਲੇ ਸਾਲ ਅਗਸਤ ਮਹੀਨੇ ਵਿੱਚ ਦੋਵਾਂ ਨੇ ਓਮਕਾਰ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ ਦਾ ਕਤਲ ਕਰਕੇ ਦੋਵੇਂ ਫ਼ਰਾਰ ਹੋ ਗਏ ਸਨ। ਅਤੇ ਕਿਹਾ ਜਾ ਰਿਹਾ ਸੀ ਕਿ ਫਰਾਰ ਹੋਣ ਤੋਂ ਬਾਅਦ ਦੋਵੇਂ ਦਿੱਲੀ ਐਨਸੀਆਰ ਅਤੇ ਪੰਜਾਬ ਵਾਲੇ ਪਾਸੇ ਆਏ ਸਨ।


ਸੌਰਵ ਉਰਫ ਮਹਾਕਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਸ ਇਸ ਦੋਸ਼ੀ ਦਾ ਰਿਮਾਂਡ ਲੈ ਕੇ ਮੂਸੇਵਾਲਾ ਕਤਲ ਕਾਂਡ ਬਾਰੇ ਜਾਣਕਾਰੀ ਇਕੱਠੀ ਕਰੇਗੀ।

NO COMMENTS