*ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 13952 ਯੋਗ ਲਾਭਪਾਤਰੀਆਂ ਨੂੰ ਕਰੀਬ 15 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ-ਡਿਪਟੀ ਕਮਿਸ਼ਨਰ ਮਾਨਸਾ*

0
14

ਮਾਨਸਾ, 26 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ):  ਆਯੁਸਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਏ.ਬੀ-ਐਮ.ਐਮ.ਐਸ.ਬੀ.ਵਾਈ) ਤਹਿਤ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਸਕੀਮ ਤਹਿਤ ਮਾਨਸਾ ਜ਼ਿਲ੍ਹੇ ਅੰਦਰ ਅਕਤੂਬਰ 2021 ਤੱਕ 13952 ਯੋਗ ਲਾਭਪਾਤਰੀਆਂ ਦਾ 14 ਕਰੋੜ 77 ਲੱਖ 80 ਹਜ਼ਾਰ 847 ਰੁਪਏ ਨਾਲ ਮੁਫ਼ਤ ਇਲਾਜ ਕਰਵਾਇਆ ਜਾ ਚੁੱਕਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਅੰਦਰ 1,20,217 ਪਰਿਵਾਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਭਲਾਈ ਸਕੀਮ ਵਿੱਚ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਸਮਾਜਿਕ-ਆਰਥਿਕ ਜਾਤੀ ਜਨਗਣਨਾ 2011 ਵਿੱਚ ਸੂਚੀਬੱਧ ਪਰਿਵਾਰ, ਜੇ -ਫਾਰਮ ਅਤੇ ਗੰਨੇ ਦੇ ਤੋਲ ਦੀਆਂ ਪਰਚੀਆਂ ਵਾਲੇ ਕਿਸਾਨ, ਰਜਿਸਟਰਡ ਉਸਾਰੀ ਕਾਮੇ, ਛੋਟੇ ਵਪਾਰੀ ਅਤੇ ਪੀਲੇ ਕਾਰਡ ਧਾਰਕ ਜਾਂ ਮਾਨਤਾ ਪ੍ਰਾਪਤ ਪੱਤਰਕਾਰ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਸਾਲਾਨਾ ਬੀਮਾ ਕਵਰ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ 8007 ਲਾਭਪਾਤਰੀਆਂ ਦਾ 6 ਕਰੋੜ 34 ਲੱਖ 30 ਹਜ਼ਾਰ 175 ਦੀ ਰਾਸ਼ੀ ਨਾਲ ਇਲਾਜ਼ ਕਰਵਾਇਆ ਜਾ ਚੁੱਕਾ ਹੈ ਅਤੇ ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਵਿੱਚ 5945 ਲਾਭਪਾਰਤੀਆਂ ਦਾ 8 ਕਰੋੜ 43 ਲੱਖ 50 ਹਜ਼ਾਰ 672 ਰੁਪਏ ਦੀ ਰਾਸ਼ੀ ਨਾਲ ਇਲਾਜ਼ ਕਰਵਾਇਆ ਜਾ ਚੁੱਕਾ ਹੈ। ਸ੍ਰੀ ਮਹਿੰਦਰਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਅਧੀਨ ਜਿਨ੍ਹਾਂ ਯੋਗ ਲਾਭਪਾਤਰੀਆਂ ਨੇ ਹੁਣ ਤੱਕ ਆਪਣੇ ਕਾਰਡ ਨਹੀਂ ਬਣਵਾਏ, ਉਹ ਨਜਦੀਕੀ ਸੂਚੀਬੱਧ ਹਸਪਤਾਲ, ਸੀ.ਐਸ.ਸੀ. ਕੇਂਦਰ, ਸੇਵਾ ਕੇਂਦਰ ਜਾਂ ਵੈੱਬਸਾਈਟ www.sha.punjab.gov.in  ’ਤੇ ਜਾ ਕੇ ਆਪਣੀ ਯੋਗਤਾ ਦੀ ਜਾਂਚ ਕਰਨ ਲਈ ਅਪੀਲ ਕਰ ਸਕਦੇ ਹਨ।ਇਸ ਤੋਂ ਪਹਿਲਾ ਸਿਵਲ ਸਰਜਨ ਮਾਨਸਾ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਸੂਬਾ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸਨਰਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1,20,217 ਪਰਿਵਾਰ ਇਸ ਸਕੀਮ ਅਧੀਨ ਕਵਰ ਕੀਤੇ ਗਏ ਹਨ ਅਤੇ ਬਾਕੀ ਰਹਿ ਗਏ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਆਧਾਰ ਕਾਰਡ ਪ੍ਰਮਾਣਿਕਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਸਬੰਧ ਵਿੱਚ ਨਾਮਾਂਕਣ ਫਾਰਮ ਸੂਚੀਬੱਧ ਹਸਪਤਾਲਾਂ, ਕਾਮਨ ਸਰਵਿਸ ਸੈਂਟਰਾਂ ਅਤੇ ਸੁਵਿਧਾ ਕੇਂਦਰ ’ਤੇ ਉਪਲਬਧ ਹੋਣਗੇ, ਜਿੱਥੇ ਬੀਆਈਐਸ ਪੋਰਟਲ ਰਾਹੀਂ ਈ-ਕਾਰਡ ਜਾਰੀ ਕਰਨ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਨੂੰ ਸਕੀਮ ਅਧੀਨ ਨਕਦ ਰਹਿਤ ਇਲਾਜ ਦਾ ਲਾਭ ਲੈਣ ਅਤੇ ਰਜਿਸਟਰੇਸ਼ਨ ਕਰਾਉਣ, ਈ-ਕਾਰਡ ਪ੍ਰਾਪਤ ਕਰਨ ਲਈ ਆਧਾਰ ਕਾਰਡ ਅਤੇ ਰਿਹਾਇਸ਼ ਦਾ ਸਬੂਤ, ਜਿਵੇਂ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਪਾਸਪੋਰਟ, ਜਾਂ ਕੋਈ ਵੀ ਸਰਕਾਰੀ ਵੱਲੋਂ ਜਾਰੀ ਕੀਤੇ ਦਸਤਾਵੇਜ਼, ਆਈਡੀ, ਸਰਟੀਫਿਕੇਟ ਜਿਸ ਵਿੱਚ ਰਿਹਾਇਸੀ ਪਤਾ ਸ਼ਾਮਲ ਹੋਵੇ, ਨੂੰ ਨਾਲ ਰੱਖਣਾ ਜਰੂਰੀ ਹੋਵੇਗਾ।

NO COMMENTS