*ਮੁੱਖ ਮੰਤਰੀ ਵੱਲੋਂ ਸਰਪੰਚਾਂ ਨੂੰ ਕੋਰੋਨਾ ਵਿਰੁੱਧ ਜੰਗ ਨੂੰ ਫ਼ਤਿਹ ਕਰਨ ਲਈ ਮਾਨਸ਼ਾਹੀਆ ਵਿਧਾਇਕ, ਡੀ.ਸੀ ਸਮੇਤ ਹੋਰਾਂ ਨੇ ਵਰਚੂਅਲ ਕਾਨਫਰੰਸ ਰਾਹੀਂ ਲਿਆ ਹਿੱਸਾ*

0
49

ਮਾਨਸਾ, 18 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਖੇਤਰਾਂ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਸਰਪੰਚਾਂ ਤੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਕੋਰੋਨਾ ਵਿਰੁੱਧ ਜੰਗ ਨੂੰ ਫ਼ਤਿਹ ਕਰਨ ਲਈ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਸਮੇਂ ਸਮੇਂ ‘ਤੇ ਜਾਰੀ ਹੋਣ ਵਾਲੀਆਂ ਸਿਹਤ ਸਲਾਹਾਂ ਦੀ ਪਿੰਡਾਂ ਵਿੱਚ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਆਪਣੇ ਸੂਬੇ ਦੇ ਨਿਵਾਸੀਆਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਰਚੂਅਲ ਕਾਨਫਰੰਸਿੰਗ ਰਾਹੀਂ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਸਰਪੰਚਾਂ ਤੇ ਪੰਚਾਂ ਦੇ ਰੂਬਰੂ ਹੋਏ ਅਤੇ ਕੋਰੋਨਾ ਤੋਂ ਬਚਾਅ ਲਈ ਸਮੇਂ ਸਮੇਂ ‘ਤੇ ਟੈਸਟਿੰਗ ਕਰਵਾਉਣ ਤੇ ਟੀਕਾਕਰਨ ਸਮੇਤ ਹੋਰ ਸਿਹਤ ਸਾਵਧਾਨੀਆਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪਿੰਡ ਸਰਕਾਰ ਦੀ ‘ਕੋਰੋਨਾ ਮੁਕਤ ਪਿੰਡ ਮੁਹਿੰਮ’ ਤਹਿਤ ਸੌ ਫੀਸਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨਗੇ ਉਨ੍ਹਾਂ ਪਿੰਡਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ, ਏ.ਡੀ.ਸੀ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਸਹਾਇਕ ਕਮਿਸ਼ਨਰ ਸ਼੍ਰੀਮਤੀ ਬਲਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਮੰਜੂ ਬਾਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਨੇ ਕਾਨਫਰੰਸ ਵਿੱਚ ਹਿੱਸਾ ਲਿਆ।


ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਪਾਜੀਟਿਵ ਮਰੀਜਾਂ ਦੀ ਛੇਤੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਲੋੜ ਮੁਤਾਬਕ ਫ਼ਤਿਹ ਕਿੱਟਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਪੜਾਅ ‘ਤੇ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਵਾਇਰਸ ਦੇ ਪਾਸਾਰ ਨੂੰ ਰੋਕਿਆ ਜਾ ਸਕੇ। ਪਿੰਡਾਂ ਵਿੱਚ ਵਾਇਰਸ ਪ੍ਰਭਾਵਿਤ ਲੋਕਾਂ ਦੀ ਵਧ ਰਹੀ ਗਿਣਤੀ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਤੇ ਗ੍ਰਾਮ ਪੰਚਾਇਤਾਂ ਨੂੰ ਜਾਗਰੂਕਤਾ ਦੀ ਸਰਗਰਮ ਮੁਹਿੰਮ ਚਲਾਉਂਦੇ ਹੋਏ ਹਰ ਘਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਨਾਗਰਿਕ ਸੈਂਪਲ ਕਰਵਾਉਣ ਅਤੇ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਹਰ ਸਰਕਾਰੀ ਵਿਭਾਗ, ਜੀ.ਓ.ਜੀ, ਹੋਰ ਸਹਿਯੋਗੀ ਅਦਾਰੇ ਕੋਵਿਡ ਮਹਾਂਮਾਰੀ ਵਿਰੁੱਧ ਜੰਗ ਵਿੱਚ ਜੁਟੇ ਹੋਏ ਹਨ ਅਤੇ ਪੰਚਾਇਤਾਂ ਦੀ ਸਰਗਰਮ ਸ਼ਮੂਲੀਅਤ ਨਾਲ ਜਲਦੀ ਹੀ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਇਸੇ ਦੌਰਾਨ ਮਾਨਸਾ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਵਿੱਚ ਚੇਅਰਮੈਨ ਪੰਚਾਇਤ ਸੰਮਤੀ ਜਗਚਾਨਣ ਸਿੰਘ, ਕਮਲਜੀਤ ਸਿੰਘ ਸਰਪੰਚ ਸੱਦਾ ਸਿੰਘ ਵਾਲਾ, ਹਰਬਖਸ਼ ਸਿੰਘ ਸਰਪੰਚ ਮਾਨਸਾ ਕੈਂਚੀਆਂ, ਸੁਖਵਿੰਦਰ ਸਿੰਘ ਬੀ.ਡੀ.ਪੀ.ਓ ਤੇ ਵਨੀਤ ਕੁਮਾਰ ਏ.ਪੀ.ਓ ਨੇ ਵਰਚੂਅਲ ਕਾਨਫਰੰਸ ਦਾ ਪ੍ਰਸਾਰਣ ਦੇਖਿਆ। ਸਮੂਹ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਖੁਦ ਸਿਹਤ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਘਰ ਘਰ ਜਾ ਕੇ ਲੋਕਾਂ ਨੂੰ ਸਿਹਤ ਸਲਾਹਾਂ ਬਾਰੇ ਜਾਗਰੂਕ ਕਰ ਰਹੇ ਹਨ ਤਾਂ ਜੋ ਸਾਰੇ ਨਾਗਰਿਕ ਆਪੋ ਆਪਣੀ ਸਿਹਤ ਪ੍ਰਤੀ ਚੇਤਨ ਹੋ ਸਕਣ ਅਤੇ ਆਪਣੇ ਆਲੇ ਦੁਆਲੇ ਵੀ ਚੌਕਸੀ ਰੱਖ ਸਕਣ।

NO COMMENTS