*ਮੁੱਖ ਮੰਤਰੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਵੇਂ ਰੂਪ ਵਿਚ ਉਲੀਕੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗਾਜ਼*

0
14

ਮਾਨਸਾ, 5 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੱਦਾ ਦਿੰਦੇ ਹੋਏ ਸੁਰੱਖਿਅਤ ਅਤੇ ਸਾਫ-ਸੁਥਰੇ ਚੌਗਿਰਦੇ ਵਾਸਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਲਈ ਸਾਰੇ ਸਬੰਧਤ ਵਿਭਾਗਾਂ ਦਰਮਿਆਨ ਤਾਲਮੇਲ ਬਣਾਉਣ ਦੀ ਲੋੜ ਉਤੇ ਜੋਰ ਦਿੱਤਾ। ਮੁੱਖ ਮੰਤਰੀ ਨੇ ਨਵੇਂ ਰੂਪ ਵਿਚ ਉਲੀਕੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਸੂਬਾ ਪੱਧਰ ‘ਤੇ ਆਗਾਜ ਕਰਦੇ ਹੋਏ ਮਿਸ਼ਨ ਦੇ ਪਹਿਲੇ ਪੜਾਅ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ 115 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਤਾਂ ਕਿ ਵਿਭਾਗ ਦੇ ਵੱਖ-ਵੱਖ ਵਿਭਾਗਾਂ ਦੀ ਅਗਵਾਈ ਵਿਚ 10 ਉਪ-ਮਿਸ਼ਨਾਂ ਨੂੰ ਅਮਲ ਵਿਚ ਲਿਆ ਕੇ ਦੂਜੇ ਪੜਾਅ ਉਤੇ ਵਧੇਰੇ ਕੇਂਦਰਿਤ ਹੋਇਆ ਜਾ ਸਕੇ। ਇਨ੍ਹਾਂ ਉਪ-ਮਿਸ਼ਨਾਂ ਵਿਚ ਸੁਰੱਖਿਅਤ ਭੋਜਨ, ਸਾਫ ਪਾਣੀ, ਹਰਿਆ-ਭਰਿਆ ਪੰਜਾਬ, ਸੜਕ ਸੁਰੱਖਿਆ, ਪਾਲਣ-ਪੋਸ਼ਣ, ਰਹਿੰਦ-ਖੂੰਹਦ ਪ੍ਰਬੰਧਨ, ਖੇਡੋ ਪੰਜਾਬ, ਭੌਂ ਸੁਰੱਖਿਆ, ਸਾਫ ਹਵਾ ਅਤੇ ਰੋਕਥਾਮ ਸਿਹਤ ਸ਼ਾਮਲ ਹਨ। ਅੱਜਵਿਸ਼ਵ ਵਾਤਾਵਰਣ ਦਿਵਸ ਮੌਕੇ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਪ੍ਰੇਮ ਮਿੱਤਲ, ਯੂਥ ਆਗੂ ਸ੍ਰੀ ਚੁਸ਼ਪਿੰਦਰਵੀਰ ਸਿੰਘ, ਐਸ.ਡੀ.ਓ ਰਵੀਦੀਪ ਸਿੰਘ ਨੇ ਇਸ ਵੀਡੀਓ ਕਾਨਫਰੰਸਿੰਗ ਵਿੱਚ ਹਿੱਸਾ ਲਿਆ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਉਮੀਦ ਜਾਹਰ ਕੀਤੀ ਕਿ ਇਹ ਉਪਰਾਲਾ ਪੰਜਾਬ ਸਰਕਾਰ, ਖੋਜ ਸੰਸਥਾਵਾਂ, ਉਦਯੋਗ, ਗੈਰ-ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਵਰਗੇ ਸਾਰੇ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਕਰਨ ਵਿਚ ਸਹਾਈ ਹੋਵੇਗਾ ਤਾਂ ਕਿ ਵਿਕਾਸ ਦੇ ਨਿਰੰਤਰ ਅਤੇ ਵਾਤਾਵਰਣ ਪੱਖੀ ਮਾਡਲ ਨੂੰ ਯਕੀਨੀ ਬਣਾਇਆ ਜਾ ਸਕੇ।ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕੁਦਰਤ ਅਤੇ ਮਨੁੱਖਤਾ ਦੇ ਵਿਚਕਾਰ ਆਪਸੀ ਅੰਤਰੀਵ ਸਾਂਝ ਨੂੰ ਦਰਸਾਇਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਦੀ ਭਾਵਨਾ ਨੂੰ ਕਾਇਮ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲਦੀਆਂ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਵੇਂ ਕਿ ਮੌਜੂਦਾ ਸਮੇਂ ਹਵਾ ਪ੍ਰਦੂਸ਼ਣ ਅੱਖਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ।ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਸਾਫ ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਇਸ ਲਈ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਲੋੜੀਂਦੀ ਵਰਤੋਂ ਕਰਨ, ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਪੈਦਾ ਕਰਨ, ਪਰਾਲੀ ਨਾ ਸਾੜਨ ਅਤੇ ਰਸਾਇਣਕ ਖਾਦਾਂ ਦੀ ਘੱਟ ਵਰਤੋਂ ‘ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਸਾਡੇ ਸਾਰਿਆਂ ਦਾ ਇਹ ਪਵਿੱਤਰ ਫਰਜ ਬਣਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵੱਡੇ ਪੱਧਰ ਉੱਤੇ ਬੂਟੇ ਲਾਈਏ।”ਮੁੱਖ ਮੰਤਰੀ ਨੇ ਮਿਲਾਵਟੀ ਦੁੱਧ ਅਤੇ ਡੇਅਰੀ ਵਸਤਾਂ ਦੇ ਗੈਰ-ਸਿਹਤਮੰਦ ਰੁਝਾਨ ਦੀ ਰੋਕਥਾਮ ਲਈ ‘ਮਿਸ਼ਨ ਤੰਦਰੁਸਤ’ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਭੋਜਨ/ਡੇਅਰੀ ਵਸਤਾਂ ਮੁਹੱਈਆ ਕਰਵਾਉਣਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਉਨ੍ਹਾਂ ਦੀ ਚੰਗੀ ਸਿਹਤ ਅਤੇ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਨੇ ਡਿਜੀਟਲੀ ਤੌਰ ‘ਤੇ ਜਲੰਧਰ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਵਾਲੇ ਵਰਿਆਨਾ ਡੰਪ ਸਾਈਟ ਰੈਮੀਡੀਏਸ਼ਨ ਪਲਾਂਟ ਦੇ ਨੀਂਹ ਪੱਥਰ ਦੇ ਨਾਲ-ਨਾਲ ਫਾਜ਼ਿਲਕਾ (14.68 ਕਰੋੜ ਰੁਪਏ), ਅਜਨਾਲਾ ਅਤੇ ਗੁਰਾਇਆ (6.25-6.25 ਕਰੋੜ ਰੁਪਏ) ਅਤੇ ਗੜ੍ਹਦੀਵਾਲਾ (3.14 ਕਰੋੜ ਰੁਪਏ) ਵਿੱਚ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 54 ਆਰਸੈਨਿਕ ਪ੍ਰਭਾਵਿਤ ਪਿੰਡਾਂ ਵਿੱਚ 4.85 ਕਰੋੜ ਰੁਪਏ ਦੀ ਲਾਗਤ ਨਾਲ ਘਰੇਲੂ ਜਲ ਸ਼ੁੱਧੀਕਰਨ ਦਾ ਉਦਘਾਟਨ ਕੀਤਾ ਜਿਸ ਨਾਲ 72000 ਪਿੰਡ ਵਾਸੀਆਂ ਨੂੰ ਲਾਭ ਹੋਵੇਗਾ, ਅੰਮ੍ਰਿਤਸਰ ਸਹਿਰ ਵਿਚ ਇਕ ਐਸ.ਟੀ.ਪੀ. (32.23 ਕਰੋੜ ਰੁਪਏ), ਜਲੰਧਰ ਸਹਿਰ ਵਿਚ ਫਲਾਈਓਵਰਜ਼ ਹੇਠਾਂ ਗਰੀਨ ਏਰੀਆ ਵਿਕਾਸ ਪ੍ਰਾਜੈਕਟ (3.90 ਕਰੋੜ ਰੁਪਏ) ਅਤੇ ਜਲੰਧਰ ਸਹਿਰ ਵਿਚ ਗਰੀਨ ਏਰੀਆ ਪਾਰਕਸ ਵਿਕਾਸ ਪ੍ਰਾਜੈਕਟ ਅਧੀਨ ਵਿਕਸਤ ਕੀਤੇ ਸੱਤ ਪਾਰਕਾਂ (8.84 ਕਰੋੜ ਰੁਪਏ) ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਐਪ ਵੀ ਲਾਂਚ ਕੀਤੀ।ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ,ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ,ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਸਕੱਤਰ ਵਿਨੀ ਮਹਾਜਨ ,ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਵੀ ਵਿਚਾਰ ਸਾਂਝੇ ਕੀਤੇ।ਗੌਰਤਲਬ ਹੈ ਕਿ ਪੰਜਾਬ ਦੇ ਲੋਕਾਂ ਲਈ ਤੰਦਰੁਸਤ ਸਿਹਤ ਯਕੀਨੀ ਬਣਾਉਣ ਦੇ ਨਾਲ ਨਾਲ ਵਾਤਾਵਰਣ, ਸਿਹਤ ਅਤੇ ਸਬੰਧਤ ਖੇਤਰਾਂ ਵਿਚ ਉਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਦਿਆਂ ਸੂਬੇ ਦੇ ਵਾਤਾਵਰਣ ਵਿੱਚ ਸੁਧਾਰ ਲਈ ਸਾਲ 2018 ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਪਹਿਲੇ ਪੜਾਅ ਦਾ ਐਲਾਨ ਕੀਤਾ ਗਿਆ ਸੀ।

NO COMMENTS