ਚੰਡੀਗੜ੍ਹ, 24 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮਾਤਾ ਸ੍ਰੀਮਤੀ ਰਾਜ ਰਾਣੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਸਵੇਰੇ ਰੂਪਨਗਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਵਸੇ।
ਉਹ 84 ਵਰ੍ਹਿਆਂ ਦੇ ਸਨ ਜੋ ਆਪਣੇ ਪਿੱਛੇ ਇਕ ਪੁੱਤਰ ਅਤੇ ਤਿੰਨ ਧੀਆਂ ਛੱਡ ਗਏ ਹਨ।
ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, “ਸ੍ਰੀਮਤੀ ਰਾਜ ਰਾਣੀ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਮੈਨੂੰ ਡੂੰਘਾ ਦੁੱਖ ਪਹੁੰਚਿਆ ਹੈ ਜੋ ਆਪਣੇ ਪਰਿਵਾਰ ਲਈ ਤਾਕਤ ਅਤੇ ਪ੍ਰੇਰਨਾ ਦਾ ਸਰੋਤ ਸਨ।”
ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਦੱਸਣਯੋਗ ਹੈ ਕਿ ਸ੍ਰੀਮਤੀ ਰਾਜ ਰਾਣੀ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬਲਾਕ ਦੇ ਪਿੰਢ ਖਟਾਨਾ ਦੇ ਸਰਪੰਚ ਸਨ ਜਿਨ੍ਹਾਂ ਨੇ ਸਮਾਜ ਸੇਵੀ ਦੇ ਤੌਰ ਉਤੇ ਲੋਕਾਂ ਦੀ ਭਲਾਈ ਅਤੇ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਮਿਸਾਲੀ ਯੋਗਦਾਨ ਪਾਇਆ। —–