*ਮੁੱਖ ਮੰਤਰੀ ਵੱਲੋਂ ਮੋਹਾਲੀ ਮਾਸਟਰ ਪਲਾਨ ਵਿੱਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ*

0
56

ਚੰਡੀਗੜ੍ਹ, 6 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੋਹਾਲੀ ਮਾਸਟਰ ਪਲਾਨ ਵਿੱਚ ਆਧੁਨਿਕ ਸਹੂਲਤਾਂ ਵਾਲੀ ਨਵੀਂ ਟਾਊਨਸ਼ਿਪ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।  

ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਆਪਣੇ ਸਰਕਾਰੀ ਗ੍ਰਹਿ ਵਿਖੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਟ੍ਰਾਈਸਿਟੀ ਵਿੱਚ ਲੋਕਾਂ ਨੂੰ ਕਿਫ਼ਾਇਤੀ ਰਿਹਾਇਸ਼ ਸਹੂਲਤਾਂ ਮੁਹੱਈਆ ਕਰਨ ਲਈ ਅਜਿਹੀ ਟਾਊਨਸ਼ਿਪ ਸਮੇਂ ਦੀ ਲੋੜ ਹੈ। ਉਨ੍ਹਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਧਿਕਾਰੀਆਂ ਨੂੰ ਰੂਪ ਰੇਖਾ ਉਲੀਕਣ ਅਤੇ ਇਸ ਮਾਮਲੇ ਬਾਰੇ ਪੁਖ਼ਤਾ ਤਜਵੀਜ਼ ਪੇਸ਼ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਇਹ ਤਜਵੀਜ਼ਤ ਟਾਊਨਸ਼ਿਪ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਰਾਮਦਾਇਕ ਜੀਵਨ ਬਸਰ ਕਰ ਸਕਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਟਾਊਨਸ਼ਿਪ ਆਰਾਮਦਾਇਕ ਹੋਣ ਦੇ ਨਾਲ-ਨਾਲ ਆਲੀਸ਼ਾਨ ਅਤੇ ਅੱਗ ਰੋਕੂ ਯੰਤਰਾਂ ਵਰਗੀਆਂ ਸਾਰੀਆਂ ਸੁਰੱਖਿਆ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ। ਭਗਵੰਤ ਮਾਨ ਨੇ ਇਸ ਟਾਊਨਸ਼ਿਪ ਨੂੰ ਆਧੁਨਿਕ ਲੀਹਾਂ ਉਤੇ ਵਿਕਸਤ ਕਰਨ ਉਤੇ ਜ਼ੋਰ ਦਿੱਤਾ ਤਾਂ ਕਿ ਇਹ ਉਚੇਰੀ ਸਿੱਖਿਆ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਦੇ ਗੜ੍ਹ ਵਜੋਂ ਉੱਭਰ ਸਕੇ। ਇਸ ਦੇ ਨਾਲ-ਨਾਲ ਇਸ ਟਾਊਨਸ਼ਿਪ ਦਾ ਇਕ ਭਾਗ ਸਨਅਤੀ ਟਾਊਨਸ਼ਿਪ ਵਜੋਂ ਵੀ ਵਿਕਸਤ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਭਰ ਦੇ ਵੱਡੇ ਸਨਅਤੀ ਘਰਾਣਿਆਂ ਨੂੰ ਇੱਥੇ ਸੱਦਿਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਸਭ ਤੋਂ ਵਧੀਆ ਸੜਕੀ, ਹਵਾਈ ਤੇ ਰੇਲਵੇ ਸੰਪਰਕ ਸਹੂਲਤ ਹੈ। ਇਸ ਲਈ ਮੋਹਾਲੀ ਦੀ ਜੂਹ ਵਿੱਚ ਵੱਸਣ ਵਾਲੀ ਇਸ ਤਜਵੀਜ਼ਤ ਟਾਊਨਸ਼ਿਪ ਵਿੱਚ ਤਰੱਕੀ ਦੀਆਂ ਬੇਹੱਦ ਸੰਭਾਵਨਾਵਾਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਮੋਹਾਲੀ ਵਿੱਚ ਆਗਾਮੀ ਮੈਡੀਕਲ ਕਾਲਜ ਨੂੰ ਨਵੀਂ ਜਗ੍ਹਾ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਤੇ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਤੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ।
——–    

NO COMMENTS