ਮੁੱਖ ਮੰਤਰੀ ਵੱਲੋਂ ਪਟਿਆਲਾ ਵਾਸੀਆਂ ਨੂੰ ਦੁਸਹਿਰੇ ਦਾ ਤੋਹਫਾ….!! ਨਵੇਂ ਬੱਸ ਅੱਡੇ ਦੇ ਨਾਲ ਨਾਲ ਹੋਰ ਬਹੁਤ ਸਾਰੇ ਤੋਹਫ਼ੇ ਦਿੱਤੇ

0
83

ਪਟਿਆਲਾ, 25 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਦੇ ਤਿਉਹਰ ਮੌਕੇ ਅੱਜ ਪਟਿਆਲਾ ਵਿਖੇ ਖੇਡਾਂ ਨੂੰ ਸਮਰਪਿਤ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਅਤੇ ਨਵੇਂ ਬੱਸ ਅੱਡੇ ਸਮੇਤ ਹੋਰ ਕਈ ਅਹਿਮ ਵਿਕਾਸ ਪ੍ਰਾਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।
ਇੱਥੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ਲਈ ਨਹਿਰੀ ਪਾਣੀ ’ਤੇ ਅਧਾਰਤ 24 ਘੰਟੇ-ਸੱਤੇ ਦਿਨ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 503 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ, ਕਿਲਾ ਮੁੁਬਾਰਕ ਦੁਆਲੇ 43 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਣ ਵਾਲੀ ਵਿਰਾਸਤੀ ਲਾਂਘਾ (ਹੈਰੀਟੇਜ ਸਟਰੀਟ), ਰਾਜਪੁਰਾ ਰੋਡ ’ਤੇ 65 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਅਤੇ ਰਾਜਪੁਰਾ ਰੋਡ ਨੂੰ ਚੌੜਾ ਕਰਨ ਦੇ 6.74 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ।
ਇਸ ਮੌਕੇ ਮੁੱਖ ਮੰਤਰੀ ਨੇ ਪੀ.ਡੀ.ਏ. ਵੱਲੋਂ ਇੱਥੇ ਹਾਜੀ ਮਾਜਰਾ ਵਿਖੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਉਸਾਰੇ ਗਏ ਨਵੇਂ 174 ਫਲੈਟਾਂ ਵਿੱਚੋਂ 124 ਫਲੈਟਾਂ ਦੀਆਂ ਚਾਬੀਆਂ ਅਤੇ ਦਸਤਾਵੇਜ ਲਾਭਪਾਤਰੀਆਂ ਨੂੰ ਸੌਂਪੇ। ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਅਤੇ ਪੀ.ਡੀ.ਏ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਰਾਜ ਦੇ ਆਰਥਿਕ ਤੌਰ ’ਤੇ ਕਮਜੋਰ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ। ਉਨਾਂ ਕਿਹਾ ਕਿ ਉਹ ਚੱਲ ਰਹੇ ਪ੍ਰਾਜੈਕਟਾਂ ਅਤੇ ਨਵੇਂ ਪ੍ਰਾਜੈਕਟਾਂ ਦੀ ਖੁਦ ਨਿਗਰਾਨੀ ਕਰਨਗੇ।


ਮੁੱਖ ਮੰਤਰੀ ਨੇ ਪਟਿਆਲਾ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਪੂਰੀਆਂ ਸਾਵਧਾਨੀਆਂ ਰੱਖੀਆਂ ਜਾਣ ਕਿਉਂਕਿ ਨਵੰਬਰ ਤੇ ਦਸੰਬਰ ਮਹੀਨੇ ਕੋਵਿਡ ਦਾ ਦੂਜੀ ਲਹਿਰ ਪੈਦਾ ਹੋਣ ਦਾ ਖਦਸ਼ਾ ਹੈ।
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ 500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਵੇਗੀ, ਜਿਸ ਵਿੱਚੋਂ 60 ਕਰੋੜ ਰੁਪਏ ਇਸ ਦੇ ਪਹਿਲੇ ਪੜਾਅ ਨੂੰ ਵਿਕਸਤ ਕਰਨ ’ਤੇ ਖਰਚੇ ਜਾਣਗੇ, ਜਿਸ ਨਾਲ ਅਕਾਦਮਿਕ ਤੇ ਪ੍ਰਬੰਧਕੀ ਬਲਾਕ, ਲੜਕੇ ਤੇ ਲੜਕੀਆਂ ਲਈ ਹੋਸਟਲ ਅਤੇ ਅੰਦਰੂਨੀ ਸੜਕਾਂ ਸਮੇਤ ਚਾਰਦਿਵਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ, ਜਿਨਾਂ ਦੇ ਨਾਮ ’ਤੇ ਇਸ ਯੂਨੀਵਰਸਿਟੀ ਨੂੰ ਸਥਾਪਤ ਕੀਤਾ ਗਿਆ ਹੈ, ਦੇ ਅੱਜ ਦੁਸਹਿਰੇ ਵਾਲੇ ਦਿਨ 129ਵੇਂ ਜਨਮ ਦਿਵਸ ਮੌਕੇ ਉਨਾਂ ਵੱਲੋਂ ਖੇਡਾਂ ਪ੍ਰਤੀ ਦਿੱਤੀ ਗਈ ਦੇਣ ਨੂੰ ਸਾਂਝਾ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਯੂਨੀਵਰਸਿਟੀ ਖਿਡਾਰੀਆਂ ਦਾ ਵਿਗਿਆਨਕ ਵਿਕਾਸ ਕਰਨ ’ਚ ਅਹਿਮ ਯੋਗਦਾਨ ਪਾਵੇਗੀ। ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਖੇਡਾਂ ਦਾ ਧੁਰਾ ਬਣੇ ਅਤੇ ਸਾਡੇ ਖਿਡਾਰੀ ਤੇ ਕੋਚ ਵਿਗਿਆਨਕ ਸੋਚ ਨਾਲ ਲੈਸ ਹੋਣ। ਮੁੱਖ ਮੰਤਰੀ ਨੇ ਇਸ ਯੂਨੀਵਰਸਿਟੀ ਲਈ 100 ਕਿਲੇ ਦੇ ਕਰੀਬ ਜਮੀਨ ਮੁਫਤ ਪ੍ਰਦਾਨ ਕਰਨ ਵਾਲੇ ਪਿੰਡ ਸਿੱਧੂਵਾਲ ਦੇ ਸਰਪੰਚ ਤਰਸੇਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਿੰਡ ਨੇ ਪਹਿਲਾਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਲਈ ਮੁਫਤ ਜ਼ਮੀਨ ਪ੍ਰਦਾਨ ਕੀਤੀ। ਉਨਾਂ ਨੇ ਪਿੰਡ ਸਿੱਧੂਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।


ਇਸ ਖੇਡ ਯੂਨੀਵਰਸਿਟੀ ਵਿਖੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਦਾਖਲਾ ਲਏ ਜਾਣ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਇੱਥੋਂ ਦਾ ਅਮਲਾ ਤੇ ਵਿਦਿਆਰਥੀ 2022 ਤੱਕ ਇਸ ਦੇ ਨਵੇਂ ਕੈਂਪਸ ਵਿਖੇ ਆ ਜਾਣਗੇ। ਉਨਾਂ ਕਿਹਾ ਕਿ ਉਹ ਇਥੇ ਪ੍ਰਦਾਨ ਕੀਤੇ ਜਾਣ ਵਾਲੇ ਬਹੁਤ ਸਾਰੇ ਕੋਰਸ ਕੌਮਾਂਤਰੀ ਪੱਧਰ ਦੇ ਹੋਣਗੇ ਜਿਹੜੇ ਕਿ ਯੂ.ਕੇ. ਦੀ ਵਿਸ਼ਵ ਦੀ ਬਿਹਤਰ ਯੂਨੀਵਰਸਿਟੀ ਲਾਫ ਬੋਰੋ ਯੂਨੀਵਰਸਿਟੀ ਦੀ ਤਰਜ ’ਤੇ ਵਿਕਸਤ ਕੀਤੇ ਗਏ ਹਨ। ਇਸ ਦੌਰਾਨ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਬਰਟ ਐਲੀਸਨ ਵੱਲੋਂ ਦਿੱਤਾ ਗਿਆ ਸੁਨੇਹਾ ਵੀ ਸੁਣਾਇਆ ਗਿਆ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨਾਂ ਦੀ ਸਰਕਾਰ ਇਸ ਯੂਨੀਵਰਸਿਟੀ ਨੂੰ ਜਲਦੀ ਮੁਕੰਮਲ ਲਈ ਹੋਰ ਵੀ ਫੰਡ ਮੁਹੱਈਆ ਕਰਵਾਏਗੀ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਖੇਡ ਯੂਨੀਵਰਸਿਟੀ ਸਥਾਪਤ ਕਰਨੀ ਸਮੇਂ ਦੀ ਮੁੱਖ ਲੋੜ ਸੀ। ਪਰਨੀਤ ਕੌਰ ਨੇ ਪਟਿਆਲਾ ਵਾਸੀਆਂ ਨੂੰ ਇਸ ਯੂਨੀਵਰਸਿਟੀ ਦੀ ਸਥਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ’ਚ ਤਾਂ ਸਹਾਈ ਹੋਵੇਗੀ ਹੀ ਸਗੋਂ ਰਾਜ ਅੰਦਰ ਖੇਡ ਸੱਭਿਆਚਾਰ ਵੀ ਵਿਕਸਤ ਕਰੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਦੇ ਕਿਸਾਨ ਵਿਰੋਧੀ ਬਿੱਲਾਂ ਵਿਰੁੱਧ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਸਮੇਤ ਪੰਜਾਬ ਤੇ ਪੰਜਾਬੀਅਤ ਲਈ ਨਿਭਾਏ ਗਈ ਅਹਿਮ ਭੂਮਿਕਾ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਦਾਦਾ ਜੀ ਦੇ ਨਾਮ ’ਤੇ ਇਸ ਯੂਨੀਵਰਸਿਟੀ ਦਾ ਨਾਮ ਰੱਖਣ ਦੇ ਹੱਕ ਵਿੱਚ ਨਹੀਂ ਸਨ ਪਰੰਤੂ ਉਨਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨੇ ਇਹ ਫੈਸਲਾ ਲਿਆ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੇਡ ਸਿੱਖਿਆ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ ਪਰੰਤੂ ਹੁਣ ਇਹ ਯੂਨੀਵਰਸਿਟੀ ਖਿਡਾਰੀਆਂ ਦਾ ਭਵਿੱਖ ਸੰਵਾਰ ਦੇਵੇਗੀ। ਉਨਾਂ ਕਿਹਾ ਕਿ ਸਰਕਾਰ ਪਿੰਡ ਸਿੱਧੂਵਾਲ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਇੱਥੋਂ ਦੇ ਬੱਚਿਆਂ ਨੂੰ ਇਸ ਯੂਨੀਵਰਸਿਟੀ ’ਚ ਸਿੱਖਿਆ ਦੇਣ ਲਈ ਵਿਸ਼ੇਸ਼ ਤਵੱਜੋ ਦੇਵੇਗੀ। ਸ੍ਰੀ ਸੋਢੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ ’ਚ ਦੁਨੀਆਂ ਦੇ ਨਕਸ਼ੇ ’ਤੇ ਉਭਾਰੇਗੀ। ਉਨਾਂ ਸੁਝਾਅ ਦਿੱਤਾ ਕਿ ਪਿੰਡ ਸਿੱਧੂਵਾਲ ਵਿਖੇ ਦੋ ਯੂਨੀਵਰਸਿਟੀਆਂ ਸਥਾਪਤ ਹੋਣ ਨਾਲ ਇਸ ਪਿੰਡ ਨੂੰ ਮਾਡਲ ਗ੍ਰਾਮ ਪੰਚਾਇਤ ਵਜੋਂ ਵਿਕਸਤ ਕੀਤਾ ਜਾਵੇ। ਖੇਡ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਅੰਦਰ ਖੇਡਾਂ ਅਤੇ ਖੇਡ ਸਿੱਖਿਆ ਨੂੰ ਪ੍ਰਫੁਲਤ ਕਰਨ ਲਈ ਉਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।
ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਖਾਸ ਤੌਰ ’ਤੇ ਉਹਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਖੇਡਾਂ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਖੁਲਾਸਾ ਕੀਤਾ ਕਿ 142 ਵਿਦਿਆਰਥੀਆਂ ਦੀ ਕੁੱਲ ਸਮਰਥਾ ਵਿੱਚੋਂ 120 ਵਿਦਿਆਰਥੀ ਸਾਲ 2021-22 ਦੇ ਅਕਾਦਮਿਕ ਸੈਸ਼ਨ ਵਿੱਚ ਦਾਖਲਾ ਲੈ ਚੁੱਕੇ ਹਨ। ਉਹਨਾਂ ਨੇ ਸਪੋਰਟਸ ਯੂਨੀਵਰਸਿਟੀ ਨੂੰ ਵਿਕਸਤ ਕਰਨ ਲਈ ਆਲਾ ਦਰਜੇ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ।
ਖੇਡ ਮੰਤਰੀ ਨੇ ਯੂਨੀਵਰਸਿਟੀ ਦੀ ਸਥਾਪਨਾ ਲਈ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਿਹਨਾਂ ਵਿੱਚ ਸ੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਰਜੀਆ ਸੁਲਤਾਨਾ ਤੇ ਵਿਜੇ ਇੰਦਰ ਸਿੰਗਲਾ, ਬੀਬਾ ਜੈ ਇੰਦਰ ਕੌਰ, ਰਾਜਾ ਰਣਧੀਰ ਸਿੰਘ, ਰਾਜਾ ਮਾਲਵਿੰਦਰ ਸਿੰਘ, ਚੇਅਰਮੈਨ ਲਾਲ ਸਿੰਘ, ਸੀਨੀਅਰ ਸਲਾਹਕਾਰ/ਮੁੱਖ ਮੰਤਰੀ ਟੀ.ਐਸ. ਸੇਰਗਿੱਲ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ, ਰਾਜਿੰਦਰ ਸਿੰਘ ਸਮਾਣਾ ਅਤੇ ਸਰਪੰਚ ਤਰਸੇਮ ਸਿੰਘ, ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸੁਖਪਾਲ ਸਿੰਘ (ਸਿੱਧੂਵਾਲ ਪੰਚਾਇਤ) ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 10-15 ਸਾਲਾਂ ਦੇ ਸ਼ਹਿਰ ਦੇ ਵਿਕਾਸ ਦੇ ਮੱਦੇਨਜਰ ਨਵੇਂ ਹਾਈ-ਟੈੱਕ ਬੱਸ ਸਟੈਂਡ ਨਾਲ ਪਟਿਆਲਾ ਦੇ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਉਹਨਾਂ ਕਿਹਾ ਕਿ ਇਹ ਬੱਸ ਸਟੈਂਡ 15 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਅਤੇ ਇਹ ਆਧੁਨਿਕ ਅਤੇ ਮੁਸਾਫਰ ਪੱਖੀ ਬੱਸ ਸਟੈਂਡ ਨਾਲ ਮੌਜੂਦਾ ਬੱਸ ਸਟੈਂਡ ਦਾ ਵਿਸਥਾਰ ਹੋਵੇਗਾ ਅਤੇ ਦੋਵੇਂ ਥਾਵਾਂ ਦਰਮਿਆਨ ਆਪਸੀ ਸੰਪਰਕ ਬਣਾਉਣ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਲੋੜੀਦੀਂ ਯੋਜਨਾ ਉਲੀਕੀ ਜਾ ਰਹੀ ਹੈ। ਇਸੇ ਤਰਾਂ ਰਾਜਪੁਰਾ ਰੋਡ ਜਿੱਥੇ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਨੂੰ ਵੀ ਅਗਲੇ ਸਾਲ ਤੱਕ ਚੌੜਾ ਕੀਤਾ ਜਾਵੇਗਾ।
ਬਾਅਦ ਵਿੱਚ ਆਪਣੀ ਸਰਕਾਰ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਜਲ ਸਪਲਾਈ ਪ੍ਰੋਜੈਕਟ ਦਾ ਆਗਾਜ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪਟਿਆਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ 24 ਘੰਟੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਮਿਲੇਗੀ ਜਿਸ ਦੀ ਆਬਾਦੀ 5 ਲੱਖ ਹੋ ਗਈ ਹੈ ਅਤੇ ਸਾਲ 2050 ਤੱਕ 9 ਲੱਖ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਮੌਜੂਦਾ ਪਟਿਆਲਾ ਨੈਵੀਗੇਸਨ ਚੈਨਲ ਰਾਹੀਂ ਭਾਖੜਾ ਨਹਿਰ ਤੋਂ ਪਾਣੀ ਲਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਵਾਟਰ ਵਰਕਸ ਅਬਲੋਵਾਲ ਵਿੱਚ ਬਣਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਤਿੰਨ ਸਾਲਾਂ ਵਿੱਚ ਪੂਰਾ ਹੋਣ ਦਾ ਅਨੁਮਾਨ ਹੈ। ਉਹਨਾਂ ਕਿਹਾ ਕਿ ਪ੍ਰਾਜੈਕਟ ਨੂੰ ਚਲਾਉਣ ਅਤੇ ਰੱਖ-ਰਖਾਅ ਲਈ ਐਲ.ਐਂਡ. ਟੀ ਕੰਪਨੀ ਨੂੰ 10 ਸਾਲਾਂ ਦਾ ਠੇਕਾ ਦਿੱਤਾ ਗਿਆ ਹੈ।
ਪਟਿਆਲਾ ਦੇ ਅਮੀਰ ਵਿਰਸੇ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਦੀ ਲੋੜ ਉਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਲਾ ਮੁਬਾਰਕ ਦੇ ਆਲੇ-ਦੁਆਲੇ ਨੂੰ ਵਿਰਾਸਤੀ ਲਾਂਘੇ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਇਲਾਕੇ ਅਤੇ ਦੁਕਾਨਾਂ ਆਦਿ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦਿੱਖ ਵੀ ਸੰਵਾਰੀ ਜਾਵੇਗੀ। ਵਿਰਾਸਤੀ ਲਾਂਘੇ ਦਾ ਕਾਰਜ ਦਸੰਬਰ, 2021 ਤੱਕ ਮੁਕੰਮਲ ਹੋਣ ਦੀ ਆਸ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਿੰਦਰ ਟੈਂਕ (ਫੁਹਾਰੇ ਅਤੇ ਲਾਈਟਾਂ ਸਮੇਤ) ਦੀ ਮੁਰੰਮਤ ਦਾ ਕਾਰਜ ਕੋਵਿਡ ਕਾਰਨ ਦੇਰੀ ਹੋਣ ਦੇ ਬਾਵਜੂਦ ਛੇਤੀ ਹੀ ਮੁਕੰਮਲ ਕਰਕੇ ਦਸੰਬਰ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਕ ਹੋਰ ਪ੍ਰਾਜੈਕਟ ਤਹਿਤ ਮਹਿੰਦਰ ਕੋਠੀ (ਪੁਰਾਣੀ ਇਮਾਰਤ) ਨੂੰ ਮਿਊਜਮ ਵਜੋਂ ਵਿਕਸਤ ਕੀਤਾ ਜਾਵੇਗਾ ਜਿੱਥੇ ਪ੍ਰਸਿੱਧ ਮੈਡਲ ਗੈਲਰੀ ਕੁਲੈਕਸ਼ਨ ਨੂੰ ਸ਼ਿਫਟ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਿ 200 ਕਰੋੜ ਦੀ ਲਾਗਤ ਨਾਲ ਪਟਿਆਲਾ ਅਤੇ ਛੋਟੀ ਨਦੀ ਦੀ ਕਾਇਆਕਲਪ ਕਰਨ ਸਮੇਤ ਹੋਰ ਵੱਖ-ਵੱਖ ਪ੍ਰਾਜੈਕਟਾਂ ਨੂੰ ਛੇਤੀ ਸੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਲਈ ਪਟਿਆਲਾ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਨੂੰ ਝੁੱਗੀ-ਝੌਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦਾ ਕਾਰਜ ਛੇਤੀ ਸ਼ੁਰੂ ਕਰਨ ਲਈ ਆਖਿਆ।
———————–

NO COMMENTS