*ਮੁੱਖ ਮੰਤਰੀ ਵੱਲੋਂ ਨੌਕਰੀਆਂ ਦਾ ਐਲਾਨ! ਮਾਸਟਰ ਕਾਡਰ ਵਿੱਚ 10,000 ਤੋਂ ਵੱਧ ਭਰਤੀਆਂ,ਸਿਹਤ ਵਿਭਾਗ ਵਿੱਚ 3400 ਅਸਾਮੀਆਂ ਦਾ ਐਲਾਨ*

0
114

ਚੰਡੀਗੜ੍ਹ, 29 ਨਵੰਬਰ   (ਸਾਰਾ ਯਹਾਂ/ਮੁੱਖ ਸੰਪਾਦਕ ) : ਸੂਬੇ ਵਿੱਚ ਵਿੱਦਿਅਕ ਢਾਂਚੇ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਨਾਲ ਸਬੰਧਤ ਖਾਲੀ ਪਈਆਂ 10,880 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿੱਖਿਆ ਨੂੰ ਮੁੱਖ ਖੇਤਰ ਦੱਸਿਆ ਜਿਸ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪ੍ਰਾਇਮਰੀ ਸਕੂਲਾਂ ਵਿੱਚ 2000 ਸਰੀਰਕ ਸਿੱਖਿਆ ਅਧਿਆਪਕ ਭਰਤੀ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਅਕਾਦਮਿਕ ਪਹਿਲੂ `ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਦੀ ਨਰੋਈ ਸਿਹਤ ਨੂੰ ਵੀ ਯਕੀਨੀ ਬਣਾਇਆ ਜਾ ਸਕੇ।

 ਹਰੇਕ ਪਿੰਡ ਵਿੱਚ ਕਲੱਸਟਰ ਬਣਾਉਣ ਦੀ ਵਕਾਲਤ ਕਰਦਿਆਂ ਜਿਸ ਤਹਿਤ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਵਾਲਾ ਪਿੰਡ ਹੀ ਇੱਕ ਸਰੀਰਕ ਸਿੱਖਿਆ ਟਰੇਨਰ ਦੀਆਂ ਸੇਵਾਵਾਂ ਲੈ ਸਕੇਗਾ, ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਇਸ ਪ੍ਰਸਤਾਵ `ਤੇ ਸਰਗਰਮੀ ਨਾਲ ਵਿਚਾਰ ਕਰਨ ਲਈ ਆਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵੱਖ-ਵੱਖ ਯੂਨੀਅਨਾਂ ਨਾਲ ਸਬੰਧਤ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਅਤੇ ਹਦਾਇਤ ਕੀਤੀ ਕਿ ਵਿਭਾਗ ਇਸ ਬਾਰੇ ਵਿਚਾਰ ਵਟਾਂਦਰਾ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਮੰਗ ਨੂੰ ਘੋਖਣ ਤੋਂ ਬਾਅਦ ਵਿੱਤ ਵਿਭਾਗ ਕੋਲ ਮਾਮਲਾ ਉਠਾ ਸਕਦਾ ਹੈ। ਰਮਸਾ ਅਧੀਨ ਭਰਤੀ ਕੀਤੇ ਗਏ ਲਗਭਗ 1000 ਹੈੱਡਮਾਸਟਰਾਂ ਅਤੇ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਤਨਖ਼ਾਹਾਂ ਲਈ ਸੂਬੇ ਦਾ ਬਣਦਾ ਹਿੱਸਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਿਸ `ਤੇ ਭਾਰਤ ਸਰਕਾਰ (2016 ਵਿੱਚ) ਦੁਆਰਾ ਲਗਾਈ ਗਈ ਉੱਪਰਲੀ ਸੀਮਾ ਕਰਕੇ ਕੱਟ ਲਗਾਇਆ ਗਿਆ ਸੀ। ਇਸ ਨਾਲ ਸਰਕਾਰੀ ਖਜ਼ਾਨੇ `ਤੇ ਲਗਭਗ 3.2 ਕਰੋੜ ਰੁਪਏ ਦਾ ਬੋਝ ਪਵੇਗਾ।

 ਇੱਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਸਿਹਤ ਵਿਭਾਗ ਵਿੱਚ ਲਗਭਗ 3400 ਵੱਖ-ਵੱਖ ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

 ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਆਂਗਣਵਾੜੀ/ਆਸ਼ਾ ਵਰਕਰਾਂ ਅਤੇ ਹੋਰ ਸਿਹਤ ਵਰਕਰਾਂ ਨੂੰ ਸ਼ਾਮਲ ਕਰਨ ਸਬੰਧੀ ਪ੍ਰਸਤਾਵ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆਉਣ ਦੇ ਹੁਕਮ ਦਿੱਤੇ।

 ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਜਲਦੀ ਹੀ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਗਰੂਰ ਵਿੱਚ 100 ਫੀਸਦੀ ਸਰਕਾਰੀ ਫੰਡਿੰਗ ਨਾਲ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਹ ਨਵੇਂ ਮੈਡੀਕਲ ਕਾਲਜ ਰਾਜ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸਿੱਖਿਆ ਮੰਤਰੀ ਪਰਗਟ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਰਾਜੀ ਪੀ. ਸ਼੍ਰੀਵਾਸਤਵ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਆਲੋਕ ਸ਼ੇਖਰ ਮੌਜੂਦ ਸਨ।
———

NO COMMENTS