ਮੁੱਖ ਮੰਤਰੀ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਰੋਜ਼ਾਨਾ 30000 ਕੋਵਿਡ ਟੈਸਟਿੰਗ ਕਰਨ ਦੇ ਆਦੇਸ਼

0
22

ਚੰਡੀਗੜ੍ਹ, 10 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਉਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 30,000 ਕੋਵਿਡ ਟੈਸਟਿੰਗ ਕਰਵਾਉਣ ਦਾ ਟੀਚਾ ਬਰਕਰਾਰ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਲਈ ਨਿਯਮਾਂ ਵਿੱਚ ਸੋਧ ਕਰਨ ਦੇ ਵੀ ਹੁਕਮ ਦਿੱਤੇ।
ਸੂਬੇ ਵਿੱਚ ਕੋਵਿਡ ਮਹਾਂਮਾਰੀ ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਸੱਦੀ ਉਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਆਖਿਆ ਕਿ ਸੁਪਰ ਸਪੈਸ਼ਲਿਸਟ ਵਿਭਾਗਾਂ ਵਿੱਚ ਭਰਤੀ ਯਕੀਨੀ ਬਣਾਉਣ ਲਈ ਨਿਯਮਾਂ ਵਿੱਚ ਸੋਧ ਉਤੇ ਕੰਮ ਕੀਤਾ ਜਾਵੇ ਤਾਂ ਕੋਵਿਡ ਖਿਲਾਫ ਜੰਗ ਕਿਸੇ ਵੀ ਪ੍ਰਕਾਰ ਢਿੱਲੀ ਨਾ ਪੈ ਸਕੇ।


ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਕਿਸੇ ਢਿੱਲ ਦੇ ਰੋਜ਼ਾਨਾ ਘੱਟੋ-ਘੱਟ 25,000 ਆਰ.ਟੀ.-ਪੀ.ਸੀ.ਆਰ. ਅਤੇ 5000 ਰੈਪਿਡ ਐਂਟੀਜਨ ਟੈਸਟ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਕੇਸਾਂ ਵਿੱਚ ਆਈ ਮੌਜੂਦਾ ਗਿਰਾਵਟ ਦੇ ਬਾਵਜੂਦ ਸੂਬੇ ਵਿੱਚ ਦੂਜੀ ਲਹਿਰ ਦੇ ਆਉਣ ਦੀ ਸੰਭਾਵਨਾ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕੋਵਿਡ ਸੁਰੱਖਿਆ ਅਤੇ ਵਿਵਹਾਰਕ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਦਾਇਤਾਂ ਦਿੱਤੀਆਂ ਕਿ ਮਾਸਕ ਨਾ ਪਹਿਨਣ ਅਤੇ ਸਮਾਜਿਕ ਵਿੱਥ ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਫੈਲਾਉਣ ਦੀ ਸੰਭਾਵਨਾ ਵਾਲਿਆਂ ਉਤੇ ਖਾਸ ਧਿਆਨ ਕੇਂਦਰਿਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਨਿਯਮਤ ਤੌਰ ਉਤੇ ਜਾਂਚ ਹੋਣੀ ਚਾਹੀਦੀ ਹੈ ਅਤੇ ਸਕੂਲਾਂ ਤੇ ਕਾਲਜ ਖੁੱਲ੍ਹਣ ਨਾਲ ਇਹ ਜ਼ਰੂਰੀ ਹੈ ਕਿ ਸਹੀ ਤਰ੍ਹਾਂ ਸਮਾਂ ਸਾਰਣੀ ਬਣਾਈ ਜਾਵੇ ਅਤੇ ਟੈਸਟਿੰਗ ਲਈ ਮੋਬਾਈਲ ਟੀਮਾਂ ਦੀ ਗਿਣਤੀ ਵਧਾ ਦਿੱਤੀ ਜਾਵੇ।
ਸੂਬੇ ਵਿਚ ਉੱਚ ਮੌਤ ਦਰ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਡਾ ਕੇ.ਕੇ. ਤਲਵਾੜ ਦੀ ਅਗਵਾਈ ਵਾਲੀ ਡਾਕਟਰਾਂ ਦੀ ਮਾਹਿਰ ਟੀਮ ਨੂੰ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ਲਈ ਕਿਹਾ ਜੋ ਮੁੱਖ ਤੌਰ ‘ਤੇ ਮਰੀਜ਼ਾਂ ਦੇ ਦੇਰ ਨਾਲ ਦਾਖਲੇ/ਇਲਾਜ, ਸਹਿ-ਰੋਗਾਂ, ਕੁਝ

ਹਸਪਤਾਲਾਂ ਵਿੱਚ ਦਵਾਈਆਂ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਘਾਟ, ਮੁਹਾਰਤ ਅਤੇ ਨਿਗਰਾਨੀ ਸਬੰਧੀ ਰੂਪ-ਰੇਖਾ ਦੀ ਘਾਟ ਕਰਕੇ ਹੈ।
ਡਾ. ਤਲਵਾੜ ਨੇ ਮੁੱਖ ਮੰਤਰੀ ਨੂੰ ਰਾਜ ਵਿੱਚ ਕੋਵਿਡ ਪ੍ਰਬੰਧਨ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਇਆ, ਜਿਸ ਵਿੱਚ ਪੀ.ਜੀ.ਆਈ. ਦੀ ਇੱਕ ਮਾਹਿਰ ਟੀਮ ਦੁਆਰਾ ਐਲ-3 ਸਹੂਲਤਾਂ ਦਾ ਮੁਲਾਂਕਣ ਵੀ ਸ਼ਾਮਲ ਹੈ, ਜੋ ਮੌਜੂਦਾ ਸਮੇਂ ਪ੍ਰਗਤੀ ਅਧੀਨ ਹੈ।
ਸਿਹਤ ਸਕੱਤਰ ਹੁਸਨ ਲਾਲ ਨੇ ਮੀਟਿੰਗ ਵਿੱਚ ਦੱਸਿਆ ਕਿ ਕੁਝ ਹਸਪਤਾਲਾਂ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਤੇ ਪੀ.ਜੀ.ਆਈ. ਅਤੇ ਏਮਜ਼ ਦੇ ਮਾਹਿਰਾਂ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਵਿੱਚ ਸਹਿ ਰੋਗ ਅਤੇ ਜ਼ਿਆਦਾ ਉਮਰ ਵਾਲੇ ਮਰੀਜ਼ਾਂ ਵਿੱਚ ਜ਼ਿਆਦਾ ਮੌਤ ਦਰ ਦਰਸਾਈ ਗਈ ਸੀ ਪਰ ਇਹ ਅੰਕੜੇ ਹੋਰ ਕਾਰਕਾਂ ਨੂੰ ਸਥਾਪਤ ਕਰਨ ਲਈ ਅਸਪੱਸ਼ਟ ਸਨ।
ਹਾਲਾਂਕਿ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ, ਜਦਕਿ ਪਿਛਲੇ ਚਾਰ ਹਫ਼ਤਿਆਂ ਵਿੱਚ 11 ਜ਼ਿਲ੍ਹਿਆਂ ਰੂਪਨਗਰ, ਬਠਿੰਡਾ, ਐਸ.ਏ.ਐਸ.ਨਗਰ, ਫਰੀਦਕੋਟ, ਲੁਧਿਆਣਾ, ਜਲੰਧਰ, ਮਾਨਸਾ, ਅੰਮ੍ਰਿਤਸਰ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਵਿੱਚ ਪਾਜ਼ੇਟਿਵਿਟੀ ਦਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਰਾਜ ਵਿੱਚ 1600 ਮਰੀਜ਼ ਘਰੇਲੂ ਏਕਾਂਤਵਾਸ ਵਿੱਚ ਹਨ।


ਹੁਸਨ ਲਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਵਿਭਾਗ ਨੇ ਆਈ.ਈ.ਸੀ. ਗਤੀਵਿਧੀਆਂ ਵਿਚ ਵਾਧਾ ਕੀਤਾ ਹੈ ਤਾਂ ਜੋ ਜਲਦ ਟੈਸਟਿੰਗ/ਪ੍ਰਬੰਧਨ, ਮਾਸਕ ਪਹਿਨਣ, ਹੱਥ ਦੀ ਸਫ਼ਾਈ ਅਤੇ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਜਾਗਰੂਕਤਾ ਫੈਲਾਈ ਜਾ ਸਕੇ।


ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ.ਕੇ. ਤਿਵਾੜੀ ਨੇ ਕਿਹਾ ਕਿ 11 ਅਕਤੂਬਰ ਤੋਂ ਪੰਜਾਬ ਵਿਚ ਪਾਜ਼ੇਟਿਵਿਟੀ ਦਰ 2 ਫੀਸਦੀ ਤੋਂ ਹੇਠਾਂ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਕੋਵਿਡ ਕਰਕੇ 1 ਤੋਂ 7 ਨਵੰਬਰ ਤਕ ਰਿਪੋਰਟ ਕੀਤੀਆਂ ਗਈਆਂ ਕੁੱਲ ਮੌਤਾਂ ਵਿੱਚ 82.4 ਫੀਸਦੀ  ਸਹਿ-ਬਿਮਾਰੀ ਵਾਲੇ ਅਤੇ 35 ਫੀਸਦੀ ਮੌਤਾਂ 60 ਸਾਲ ਤੋਂ ਉਮਰ ਦੇ ਵਿਅਕਤੀਆਂ ਦੀਆਂ ਹੋਈਆਂ ਹਨ।
—–

NO COMMENTS